ਅਸ਼ੋਕ ਗਰਗ, ਪ੍ਰਵੀਨ ਖੋਖਰ
ਲਹਿਰਾਗਾਗਾ, 18 ਅਕਤੂਬਰ-ਜਾਖਲ- ਲਹਿਰਾਗਾਗਾ ਹਾਈਵੇਅ ’ਤੇ ਪੈਂਦੇ ਪਿੰਡ ਅਲੀਸ਼ੇਰ ਨੇੜੇ ਅੱਜ ਬਾਅਦ ਦੁਪਹਿਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ 6 ਔਰਤਾਂ ਸਮੇਤ 8 ਜਣਿਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਬੂਟੇ ਲਗਾਉਣ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਕਈ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਾਦਸੇ ਸਮੇਂ ਮਗਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰ ਜੰਗਲਾਤ ਵਿਭਾਗ ਅਧੀਨ ਬੂਟੇ ਲਗਾਉਣ ਦੇ ਕੰਮ ਵਿਚ ਲੱਗੇ ਹੋਏ ਸਨ। ਪੰਚਾਇਤ ਸਕੱਤਰ ਮਗਨਰੇਗਾ ਜਗਤਾਰ ਸਿੰਘ ਨੇ ਦੱਸਿਆ ਕਿ ਕੁੱਲ 42 ਵਿਅਕਤੀਆਂ ਦਾ ਮਸਟਰੋਲ ਸੀ, ਜਿਨ੍ਹਾਂ ਵਿਚੋਂ 24 ਜਣੇ ਮੌਕੇ ’ਤੇ ਬੂਟੇ ਲਗਾਉਣ ਦਾ ਕੰਮ ਕਰ ਰਹੇ ਸਨ। ਕੰਮ ਦੌਰਾਨ ਮਜ਼ਦੂਰ ਇਕ ਪਾਸੇ ਬੈਠ ਕੇ ਪਾਣੀ ਪੀ ਰਹੇ ਸਨ ਕਿ ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਉਨ੍ਹਾਂ ਉੱਪਰ ਚੜ੍ਹ ਗਈ। ਇਸ ਦੌਰਾਨ 5 ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਨੂੰ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਮ੍ਰਿਤਕ ਐੈਲਾਨ ਦਿੱਤਾ। ਹਾਦਸੇ ਵਿਚ ਜ਼ਖ਼ਮੀ ਹੋਏ ਕਰੀਬ 12 ਵਿਅਕਤੀਆਂ ਨੂੰ ਇਲਾਜ ਲਈ ਸੰਗਰੂਰ ਅਤੇ ਸੁਨਾਮ ਦੇ ਹਸਪਤਾਲਾਂ ਵਿਚ ਭੇਜਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਅਲੀਸ਼ੇਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਸਰਬਜੀਤ ਕੌਰ ਪਤਨੀ ਸੋਨੀ ਖਾਂ, ਰਣਜੀਤ ਕੌਰ ਪਤਨੀ ਕਾਲਾ ਖਾਂ, ਕਰਮਜੀਤ ਕੌਰ ਪਤਨੀ ਜੱਗੀ, ਨਿੱਕੀ ਰਾਣੀ ਪਤਨੀ ਬੰਤਾ ਸਿੰਘ, ਮਨਜੀਤ ਕੌਰ ਪਤਨੀ ਤਰਸੇਮ ਸਿੰਘ, ਜੀਵਨ ਪੁੱਤਰ ਰਾਮ ਲਾਲ (ਰਾਹਗੀਰ) ਅਤੇ ਦੇਸ ਰਾਜ ਦੇ ਨਾਂਅ ਸਾਹਮਣੇ ਆਏ ਹਨ।
ਲੋਕਾਂ ਨੇ ਹਾਈਵੇਅ ’ਤੇ ਧਰਨਾ ਲਾਇਆ
ਇਸ ਹਾਦਸੇ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਹਾਈਵੇਅ ’ਤੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਸਥਿਤੀ ਬਣ ਗਈ। ਲੋਕਾਂ ਵਿਚ ਹਾਦਸੇ ਨੂੰ ਲੈ ਕੇ ਭਾਰੀ ਰੋਸ ਅਤੇ ਦੁੱਖ ਦੇਖਣ ਨੂੰ ਮਿਲਿਆ।
ਮੁੱਖ ਮੰਤਰੀ ਵਲੋਂ ਦੁੱਖ ਪ੍ਰਗਟ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ਨੂੰ ਬੇਹਦ ਮੰਦਭਾਗਾ ਦੱਸਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਦੁੱਖ ਦੀ ਇਸ ਔਖੀ ਘੜੀ ’ਚ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਜ਼ਖ਼ਮੀਆਂ ਦਾ ਸਾਰਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵੀ ਇਸ ਨੂੰ ਦੁਖਦਾਈ ਦੱਸਿਆ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।