12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਤਹਿਤ ਕੱਢੀਆਂ ਜਾਣਗੀਆਂ 4 ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’

ਚੰਡੀਗੜ੍ਹ, 11 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਵਲੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਅੱਜ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਗਿਆ। ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਤਹਿਤ ਪਾਰਟੀ ਵਲੋਂ 18 ਤੋਂ ...

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਚੰਡੀਗੜ੍ਹ, 11 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਵਲੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਅੱਜ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਗਿਆ। ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਤਹਿਤ ਪਾਰਟੀ ਵਲੋਂ 18 ਤੋਂ 21 ਸਤੰਬਰ ਤੱਕ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਕੱਢੀਆਂ ਜਾਣਗੀਆਂ, ਜਿਨ੍ਹਾਂ ਰਾਹੀਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ। ਚਾਰੋਂ ਯਾਤਰਾਵਾਂ ਆਪੋ-ਆਪਣੇ ਰੂਟਾਂ ਤੋਂ ਹੁੰਦਿਆਂ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈੈਅ ਕਰ ਜਲੰਧਰ ਵਿਖੇ ਸਮਾਪਤ ਹੋਣਗੀਆਂ। ਚੰਡੀਗੜ੍ਹ ਵਿਖੇ ਇਸ ਬਾਬਤ ਅਧਿਕਾਰਤ ਐਲਾਨ ਕਰਦਿਆਂ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਮੁੱਦੇ ਦੇ ਨਾਲ-ਨਾਲ ਕਾਨੂੰਨ-ਵਿਵਸਥਾ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਵੀ ਇਨ੍ਹਾਂ ਯਾਤਰਾਵਾਂ ਦੌਰਾਨ ਉਭਾਰੇ ਜਾਣਗੇ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਤੇ ਯਾਤਰਾ ਇੰਚਾਰਜ ਰਾਜੇਸ਼ ਬਾਘਾ ਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਹਾਜ਼ਰ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਨਸ਼ਿਆਂ ਦੇ ਖ਼ਾਤਮੇ ਦੇ ਨਾਲ-ਨਾਲ ਨੌਜਵਾਨਾਂ ਦੇ ਭਵਿੱਖ, ਮੁੜ-ਵਸੇਬੇ, ਕਾਨੂੰਨ-ਵਿਵਸਥਾ ਤੇ ਨਸ਼ਿਆਂ ਦੇ ਵਿੱਤੀ ਨੈੱਟਵਰਕ ਨੂੰ ਤੋੜਨ ਦੇ ਮੁੱਦੇ ਵੀ ਚਰਚਾ ’ਚ ਲਿਆਂਦੇ ਜਾਣਗੇ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾਵਾਂ ਸਿਰਫ਼ ਨਸ਼ਿਆਂ ਵਿਰੁੱਧ ਜਾਗਰੂਕਤਾ ਤੱਕ ਸੀਮਤ ਨਹੀਂ ਹੋਣਗੀਆਂ, ਸਗੋਂ ਪੰਜਾਬ ਦੀ ਨੌਜਵਾਨ ਪੀੜ੍ਹੀ, ਪਰਿਵਾਰਾਂ ਤੇ ਸਮਾਜ ’ਤੇ ਨਸ਼ਿਆਂ ਦੇ ਪੈ ਰਹੇ ਪ੍ਰਭਾਵਾਂ ਬਾਰੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਵਲੋਂ ‘ਐਂਟੀ-ਡਰੱਗ ਇੰਟੈਲੀਜੈਂਸ ਗ੍ਰਿਡ’ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ’ਚ ਪੁਲਿਸ, ਖੁਫ਼ੀਆ ਏਜੰਸੀਆਂ, ਮੁੜ-ਵਸੇਬਾ ਮਾਹਿਰਾਂ ਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਜੋੜਿਆ ਜਾਵੇਗਾ। ਨਸ਼ਿਆਂ ਦੇ ਖ਼ਾਤਮੇ ਦੇ ਨਾਲ ਨਸ਼ਾ ਛੱਡਣ ਵਾਲਿਆਂ ਦੇ ਮੁੜ-ਵਸੇਬੇ ’ਤੇ ਵੀ ਧਿਆਨ ਦੇਣਾ ਪਵੇਗਾ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਨਸ਼ਿਆਂ ਦਾ ਨੈੱਟਵਰਕ ਤੋੜੇ ਬਿਨਾਂ ਇਹ ਜੰਗ ਜਿੱਤਣੀ ਮੁਸ਼ਕਿਲ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਪੂਰੇ ਨੈਟਵਰਕ ਤੇ ਇਸ ਦੇ ਵਿੱਤੀ ਸਰੋਤਾਂ ਤੱਕ ਪਹੁੰਚ ਕੇ ਕਾਰਵਾਈ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਹੇਠਲੇ ਪੱਧਰ ’ਤੇ ਕਾਰਵਾਈ ਕਰਨ ਨਾਲ ਨਸ਼ਿਆਂ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਦਾ। ਭਾਜਪਾ ਆਗੂਆਂ ਮੁਤਾਬਕ ਪਹਿਲੀ ਯਾਤਰਾ 18 ਸਤੰਬਰ ਨੂੰ ਸੁਜਾਨਪੁਰ-ਪਠਾਨਕੋਟ ਦੇ ਮਾਧੋਪੁਰ ਸਥਿਤ ਸ਼ਹੀਦ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸਮਾਰਕ ‘ਏਕਤਾ ਸਥਲ’ ਤੋਂ ਸ਼ੁਰੂ ਹੋਵੇਗੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸ ਯਾਤਰਾ ਦੀ ਸ਼ੁਰੂਆਤ ਕਰਨਗੇ। ਇਹ ਯਾਤਰਾ ਸੁਜਾਨਪੁਰ, ਪਠਾਨਕੋਟ, ਭੋਆ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ੍ਰੀ ਹਰਗੋਬਿੰਦਪੁਰ, ਬਟਾਲਾ, ਫ਼ਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ ਤੇ ਅੰਮ੍ਰਿਤਸਰ ਦੇ ਵੱਖ-ਵੱਖ ਹਲਕਿਆਂ ਤੋਂ ਹੁੰਦੀ ਹੋਈ ਮਜੀਠਾ, ਜੰਡਿਆਲਾ, ਬਾਬਾ ਬਕਾਲਾ, ਤਰਨ ਤਾਰਨ, ਖਡੂਰ ਸਾਹਿਬ, ਖੇਮਕਰਨ, ਪੱਟੀ, ਫਿਰੋਜ਼ਪੁਰ ਤੇ ਹੋਰ ਹਲਕਿਆਂ ਰਾਹੀਂ ਜਲੰਧਰ ਪਹੁੰਚੇਗੀ।

ਦੂਜੀ ਯਾਤਰਾ 19 ਸਤੰਬਰ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ। ਇਸ ਦਾ ਰੂਟ ਸਮਰਾਲਾ, ਪਾਇਲ, ਖੰਨਾ, ਅਮਲੋਹ, ਸ੍ਰੀ ਫ਼ਤਿਹਗੜ੍ਹ ਸਾਹਿਬ, ਬੱਸੀ ਪਠਾਣਾਂ, ਡੇਰਾਬੱਸੀ, ਐਸ.ਏ.ਐਸ. ਨਗਰ, ਖਰੜ, ਚਮਕੌਰ ਸਾਹਿਬ, ਰੋਪੜ, ਸ੍ਰੀ ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਉੜਮੁੜ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਤੇ ਫ਼ਗਵਾੜਾ ਤੋਂ ਹੁੰਦਾ ਹੋਇਆ ਜਲੰਧਰ ਤੱਕ ਹੋਵੇਗਾ। ਤੀਜੀ ਯਾਤਰਾ 20 ਸਤੰਬਰ ਨੂੰ ਫ਼ਾਜ਼ਿਲਕਾ ਦੇ ਸਾਦਕੀ ਸਰਹੱਦ ਸਥਿਤ ਆਸਫ਼ਵਾਲਾ 1971 ਜੰਗੀ ਯਾਦਗਾਰ ਤੋਂ ਸ਼ੁਰੂ ਹੋਵੇਗੀ, ਜੋ ਫਾਜ਼ਿਲਕਾ, ਬੱਲੂਆਣਾ, ਅਬੋਹਰ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਜੈਤੋ, ਕੋਟਕਪੂਰਾ, ਫਰੀਦਕੋਟ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ, ਜਗਰਾਓਂ, ਰਾਏਕੋਟ, ਦਾਖਾ, ਮਾਲੇਰਕੋਟਲਾ, ਅਮਰਗੜ੍ਹ, ਗਿੱਲ, ਸਾਹਨੇਵਾਲ ਅਤੇ ਲੁਧਿਆਣਾ ਦੇ ਸ਼ਹਿਰੀ ਹਲਕਿਆਂ ਤੋਂ ਹੁੰਦੀ ਹੋਈ ਜਲੰਧਰ ਪਹੁੰਚੇਗੀ। ਚੌਥੀ ਯਾਤਰਾ 21 ਸਤੰਬਰ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ। ਇਸ ਦਾ ਰੂਟ ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਦਿਹਾਤੀ ਤੇ ਸ਼ਹਿਰੀ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭਦੌੜ, ਬਰਨਾਲਾ, ਮਹਿਲ ਕਲਾਂ, ਧੂਰੀ, ਸੰਗਰੂਰ, ਸੁਨਾਮ, ਦਿੜ੍ਹਬਾ, ਲਹਿਰਾ, ਸ਼ੁਤਰਾਣਾ, ਨਾਭਾ, ਪਟਿਆਲਾ ਦਿਹਾਤੀ ਤੇ ਸ਼ਹਿਰੀ, ਸਨੌਰ ਤੇ ਰਾਜਪੁਰਾ ਤੋਂ ਹੁੰਦੀ ਹੋਈ ਜਲੰਧਰ ਪਹੁੰਚੇਗੀ।

Ad Position 22
No active advertisement
ਪਿਛਲੀ ਖ਼ਬਰ ਬ੍ਰਿਕਸ ਵਲੋਂ ਆਈ.ਐੱਮ.ਐੱਫ. ਤੇ ਵਿਸ਼ਵ ਬੈਂਕ ’ਚ ਵਿਕਾਸਸ਼ੀਲ ਦੇਸ਼ਾਂ ਦੀ ਵੱਧ ਨੁਮਾਇੰਦਗੀ ਦੀ ਮੰਗ ਅਗਲੀ ਖ਼ਬਰ ਮੁੱਖ ਸਕੱਤਰ ਸਿਨਹਾ ਵਲੋਂ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਮੀਟਿੰਗ ’ਚ ਤਿਆਰੀਆਂ ਦੀ ਸਮੀਖਿਆ
Ad Position 24