ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 1 ਨਵੰਬਰ-ਬਰਤਾਨੀਆ ਸਰਕਾਰ ਨੇ ਸ਼ਰਨਾਰਥੀਆਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਦੇਸ਼ ਵਿਚ ਆ ਕੇ ਵਸਣ ਦੇ ਮੌਕੇ ਪ੍ਰਦਾਨ ਕਰਨ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਭਾਰਤ ਅਤੇ ਪਾਕਿਸਤਾਨ ਸਮੇਤ ਸੱਤ ਦੇਸ਼ਾਂ ਵਿਚ ਰਹਿ ਰਹੇ ਯੋਗ ਸ਼ਰਨਾਰਥੀਆਂ ਨੂੰ ਬਰਤਾਨੀਆ ਵਿਚ ਮੁੜ ਵਸੇਬੇ ਦਾ ਮੌਕਾ ਮਿਲ ਸਕੇਗਾ। ਸਰਕਾਰ ਅਨੁਸਾਰ ਇਸ ਕਦਮ ਦਾ ਮੁੱਖ ਉਦੇਸ਼ ਜੰਗ, ਹਿੰਸਾ ਅਤੇ ਅੱਤਿਆਚਾਰ ਤੋਂ ਬਚ ਕੇ ਨਿਕਲੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਇੰਗਲਿਸ਼ ਚੈਨਲ ਰਾਹੀਂ ਛੋਟੀਆਂ ਕਿਸ਼ਤੀਆਂ ਵਿਚ ਹੋਣ ਵਾਲੀ ਖ਼ਤਰਨਾਕ ਗੈਰ-ਕਾਨੂੰਨੀ ਆਵਾਜਾਈ ਨੂੰ ਘਟਾਉਣਾ ਹੈ। ਬਰਤਾਨੀਆ ਦੀ ਸਰਹੱਦੀ ਸੁਰੱਖਿਆ ਅਤੇ ਸ਼ਰਨਾਰਥੀ ਮਾਮਲਿਆਂ ਬਾਰੇ ਮੰਤਰੀ ਅੰਨਾ ਟਰਲੀ ਨੇ ਹਾਊਸ ਆਫ਼ ਕਾਮਨਜ਼ ਵਿਚ ਇਸ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤੀ ਪੜਾਅ ਵਿਚ ਇਹ ਯੋਜਨਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਿਸਰ, ਕੀਨੀਆ, ਮਲੇਸ਼ੀਆ ਅਤੇ ਯੂਗਾਂਡਾ ਵਿਚ ਲਾਗੂ ਕੀਤੀ ਜਾਵੇਗੀ। ਇਸ ਦਾ ਲਾਭ ਉਨ੍ਹਾਂ ਸ਼ਰਨਾਰਥੀਆਂ ਨੂੰ ਮਿਲ ਸਕੇਗਾ ਜੋ ਆਪਣੇ ਮੂਲ ਦੇਸ਼ ਤੋਂ ਬਾਹਰ ਰਹਿ ਰਹੇ ਹਨ ਅਤੇ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸੁਰੱਖਿਆ ਦੀ ਲੋੜ ਹੈ।ਸਰਕਾਰ ਵਲੋਂ ਜਾਰੀ ਸ਼ਰਤਾਂ ਅਨੁਸਾਰ ਯੋਗ ਸ਼ਰਨਾਰਥੀਆਂ ਦਾ 1 ਅਕਤੂਬਰ 2026 ਤੋਂ ਪਹਿਲਾਂ ਇਨ੍ਹਾਂ ਸੱਤ ਦੇਸ਼ਾਂ ਵਿਚੋਂ ਕਿਸੇ ਇਕ ਵਿਚ ਮੌਜੂਦ ਹੋਣਾ ਅਤੇ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਜਾਂ ਸਬੰਧਤ ਅਧਿਕਾਰੀਆਂ ਕੋਲ ਰਜਿਸਟਰ ਹੋਣਾ ਜ਼ਰੂਰੀ ਹੋਵੇਗਾ। ਇਸ ਯੋਜਨਾ ਦਾ ਅਰਥ ਇਹ ਨਹੀਂ ਕਿ ਭਾਰਤ ਜਾਂ ਪਾਕਿਸਤਾਨ ਦਾ ਹਰ ਨਾਗਰਿਕ ਇਸ ਤਹਿਤ ਬਰਤਾਨੀਆ ਆ ਸਕੇਗਾ। ਇਹ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਵਿਅਕਤੀਆਂ ਲਈ ਹੈ ਜੋ ਆਪਣਾ ਦੇਸ਼ ਛੱਡਣ ਲਈ ਮਜਬੂਰ ਹੋਏ ਹਨ ਅਤੇ ਸ਼ਰਨਾਰਥੀ ਵਜੋਂ ਯੋਗਤਾ ਪੂਰੀ ਕਰਦੇ ਹਨ।ਨਵੀਂ ਯੋਜਨਾ ਅਧੀਨ ਸ਼ਰਨਾਰਥੀਆਂ ਲਈ ਤਿੰਨ ਵੱਖ-ਵੱਖ ਰਸਤੇ ਬਣਾਏ ਗਏ ਹਨ। ਪਹਿਲੇ ਰਸਤੇ ਤਹਿਤ ਬਰਤਾਨੀਆ ਵਿਚ ਰਹਿਣ ਵਾਲੇ ਭਾਈਚਾਰਕ ਸਮੂਹ ਸ਼ਰਨਾਰਥੀਆਂ ਨੂੰ ਸਪਾਂਸਰ ਕਰਕੇ ਉਨ੍ਹਾਂ ਦੀ ਰਿਹਾਇਸ਼ ਅਤੇ ਸਮਾਜ ਵਿਚ ਵਸਣ ਲਈ ਸਹਾਇਤਾ ਕਰਨਗੇ। ਦੂਜੇ ਰਸਤੇ ਤਹਿਤ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਯੋਗ ਸ਼ਰਨਾਰਥੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਪਾਂਸਰ ਕਰ ਸਕਣਗੀਆਂ, ਜਦਕਿ ਤੀਜੇ ਰਸਤੇ ਰਾਹੀਂ ਬਰਤਾਨੀਆ ਦੀਆਂ ਕੰਪਨੀਆਂ ਹੁਨਰਮੰਦ ਸ਼ਰਨਾਰਥੀਆਂ ਨੂੰ ਰੁਜ਼ਗਾਰ ਦੇਣ ਲਈ ਸਪਾਂਸਰ ਕਰ ਸਕਣਗੀਆਂ। ਸਰਕਾਰ ਅਨੁਸਾਰ ਕਮਿਊਨਿਟੀ ਅਤੇ ਵਿਦਿਆਰਥੀ ਸਪਾਂਸਰਸ਼ਿਪ ਯੋਜਨਾਵਾਂ ਲਈ ਮੁੱਖ ਸਪਾਂਸਰ ਸੰਸਥਾਵਾਂ ਦੀ ਮਾਨਤਾ ਵਾਸਤੇ ਅਰਜ਼ੀਆਂ 29 ਅਕਤੂਬਰ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ, ਜਦਕਿ ਰੁਜ਼ਗਾਰ ਸਪਾਂਸਰਸ਼ਿਪ ਲਈ ਅਰਜ਼ੀਆਂ 2027 ਦੀ ਬਸੰਤ ਰੁੱਤ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨਵੇਂ ਰਸਤਿਆਂ ਰਾਹੀਂ ਪਹਿਲੇ ਸ਼ਰਨਾਰਥੀਆਂ ਦੇ 2027 ਦੀ ਪਤਝੜ ਵਿਚ ਬਰਤਾਨੀਆ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ।ਹੋਮ ਆਫ਼ਿਸ ਨੇ ਸਪੱਸ਼ਟ ਕੀਤਾ ਹੈ ਕਿ ਯੋਜਨਾ ਤਹਿਤ ਬਰਤਾਨੀਆ ਆਉਣ ਵਾਲੇ ਵਿਅਕਤੀਆਂ ਦੀ ਪਛਾਣ, ਸੁਰੱਖਿਆ ਅਤੇ ਯੋਗਤਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਸ਼ਰਨਾਰਥੀ ਦਰਜੇ ਦੀ ਪੁਸ਼ਟੀ ਕਰਨ ਵਿਚ ਭੂਮਿਕਾ ਨਿਭਾਏਗੀ, ਜਦਕਿ ਅੰਤਿਮ ਇਮੀਗ੍ਰੇਸ਼ਨ ਫ਼ੈਸਲੇ ਬਰਤਾਨੀਆ ਦਾ ਹੋਮ ਆਫ਼ਿਸ ਕਰੇਗਾ। ਵਿਅਕਤੀ ਇਸ ਯੋਜਨਾ ਲਈ ਸਿੱਧੇ ਤੌਰ ‘ਤੇ ਅਰਜ਼ੀ ਨਹੀਂ ਦੇ ਸਕਣਗੇ, ਸਗੋਂ ਮਾਨਤਾ ਪ੍ਰਾਪਤ ਸਪਾਂਸਰ ਸੰਸਥਾਵਾਂ ਰਾਹੀਂ ਹੀ ਉਨ੍ਹਾਂ ਦੇ ਮਾਮਲੇ ਅੱਗੇ ਭੇਜੇ ਜਾਣਗੇ।ਸਰਕਾਰ ਨੇ ਦੱਸਿਆ ਕਿ ਨਵੇਂ ਰਸਤਿਆਂ ਅਤੇ ਪਹਿਲਾਂ ਤੋਂ ਚੱਲ ਰਹੀ ਯੂ.ਕੇ. ਰੀਸੈਟਲਮੈਂਟ ਸਕੀਮ ਤਹਿਤ ਸ਼ੁਰੂਆਤੀ ਪੜਾਅ ਵਿਚ ਕੁਝ ਸੈਂਕੜੇ ਸ਼ਰਨਾਰਥੀਆਂ ਨੂੰ ਬਰਤਾਨੀਆ ਆਉਣ ਦੀ ਇਜਾਜ਼ਤ ਦਿੱਤੇ ਜਾਣ ਦੀ ਉਮੀਦ ਹੈ।
ਬਰਤਾਨੀਆ ਵਲੋਂ ਸ਼ਰਨਾਰਥੀਆਂ ਨੂੰ ਦੇਸ਼ ’ਚ ਵਸਾਉਣ ਲਈ ਨਵੇਂ ‘ਸੁਰੱਖਿਅਤ ਅਤੇ ਕਾਨੂੰਨੀ’ ਰਸਤਿਆਂ ਦਾ ਐਲਾਨ
ਮਨਪ੍ਰੀਤ ਸਿੰਘ ਬੱਧਨੀ ਕਲਾਂ ਲੰਡਨ, 1 ਨਵੰਬਰ-ਬਰਤਾਨੀਆ ਸਰਕਾਰ ਨੇ ਸ਼ਰਨਾਰਥੀਆਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਦੇਸ਼ ਵਿਚ ਆ ਕੇ ਵਸਣ ਦੇ ਮੌਕੇ ਪ੍ਰਦਾਨ ਕਰਨ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਭਾਰਤ ਅਤੇ ਪਾਕਿਸਤਾਨ ਸਮੇਤ ਸੱਤ ਦੇਸ਼ਾਂ ਵਿਚ ਰਹਿ ਰਹੇ ਯੋਗ ਸ਼ਰਨਾਰਥੀਆਂ ਨੂੰ ਬਰਤਾਨੀਆ ਵਿਚ ਮੁੜ ਵਸੇਬੇ ਦਾ ਮੌਕਾ ਮਿਲ ਸਕੇਗਾ। ਸਰਕਾਰ ਅਨੁਸਾਰ ਇਸ ਕਦਮ ਦਾ ਮੁੱਖ ਉਦੇਸ਼ ਜੰਗ, ਹਿੰਸਾ ਅਤੇ ਅੱਤਿਆਚਾਰ ਤੋਂ ਬਚ ਕੇ ਨਿਕਲੇ ਲੋਕਾਂ ਨੂੰ ...
ਅਜੀਤ ਡੈਸਕ
02-11-2026