08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੰਜਾਬ ਦੀ ਸਿਆਸਤ ’ਚ ਨਵੀਂ ਨਹੀਂ ਹੈ ਅਪਰਾਧਕ ਪਿਛੋਕੜ ਵਾਲੇ ਚਿਹਰਿਆਂ ਦੀ ‘ਐਂਟਰੀ’

ਪੰਜਾਬ ਦੀ ਸਿਆਸਤ ’ਚ ਨਵੀਂ ਨਹੀਂ ਹੈ ਅਪਰਾਧਕ ਪਿਛੋਕੜ ਵਾਲੇ ਚਿਹਰਿਆਂ ਦੀ ‘ਐਂਟਰੀ’

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸੇਖੋਂ ਦੀ ‘ਆਪ’ ’ਚ ਆਮਦ ਨੇ ਡਿੰਪੀ ਚੰਦਭਾਨ, ਰੌਕੀ ਫਾਜ਼ਿਲਕਾ ਤੇ ਲੱਖਾ ਸਿਧਾਣਾ ਦੀ ਚਰਚਾ ਮੁੜ ਛੇੜੀ

ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 7 ਸਤੰਬਰ-ਪੰਜਾਬ ਦੀ ਸਿਆਸਤ ’ਚ ਗੈਂਗਸਟਰ ਪਿਛੋਕੜ ਵਾਲੇ ਚਿਹਰਿਆਂ ਦਾ ਪ੍ਰਭਾਵ ਤੇ ਐਂਟਰੀ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਡੇਢ ਦਹਾਕੇ ਤੋਂ ਅਜਿਹੇ ਹੀ ਕੁਝ ਚਿਹਰੇ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿੱਧੇ ਤੌਰ ’ਤੇ ਸਿਆਸਤ ਦਾ ਹਿੱਸਾ ਬਣਦੇ ਹੋਏ ਚੋਣ ਮੈਦਾਨ ’ਚ ਉੱਤਰ ਰਹੇ ਹਨ । ਇਸ ਨੂੰ ਉਨ੍ਹਾਂ ਦੇ ਅਪਰਾਧ ਜਗਤ ਦੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਮੁੱਖ ਧਾਰਾ ’ਚ ਸ਼ਾਮਿਲ ਹੋਣ ਦਾ ਰਾਹ ਚੁਣਨ ਵਜੋਂ ਦੇਖਿਆ ਜਾ ਰਿਹਾ ਹੈ ਤੇ ਅਜਿਹੇ ਚਿਹਰੇ ਲਗਾਤਾਰ ਸਮਾਜ ਸੇਵਾ ਦਾ ਹਿੱਸਾ ਵੀ ਬਣ ਰਹੇ ਹਨ, ਪਰ ਕਿਤੇ ਨਾ ਕਿਤੇ ਅਤੀਤ ਉਨ੍ਹਾਂ ਦਾ ਅਜੇ ਵੀ ਪਿੱਛਾ ਨਹੀਂ ਛੱਡ ਰਿਹਾ । ਨਾਭਾ ਜੇਲ੍ਹ ਬ੍ਰੇਕ ਤੇ ਕਈ ਅਪਰਾਧਕ ਮਾਮਲਿਆਂ ਨਾਲ ਜੁੜੇ ਰਹੇ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਦੇ ‘ਆਪ’ ’ਚ ਦਾਖਲੇ ਨੇ ਗੈਂਗਸਟਰ ਤੋਂ ਸਿਆਸਤ ’ਚ ਦਾਖਲਾ ਲੈਣ ਵਾਲੇ ਕਈ ਚਿਹਰਿਆਂ ਦੀ ਚਰਚਾ ਮੁੜ ਛੇੜ ਦਿੱਤੀ ਹੈ। ਬੇਸ਼ੱਕ ਸੇਖੋਂ ਦੀ ਆਜ਼ਾਦ ਤੌਰ ’ਤੇ ਸਰਗਰਮ ਸਿਆਸਤ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਦੀ ਭਖੀ ਹੋਈ ਸੀ ਤੇ ਉਸ ਦੀਆਂ ਦੋਵੇਂ ਪਤਨੀਆਂ ਮਨਦੀਪ ਕੌਰ ਸੇਖੋਂ ਨੇ ਬਾਜ਼ੀਦਪੁਰ ਤੇ ਕੁਲਜੀਤ ਕੌਰ ਸੇਖੋਂ ਨੇ ਫਿਰੋਜ਼ਸ਼ਾਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ’ਚ ਜਿੱਤ ਪ੍ਰਾਪਤ ਕੀਤੀ ਤੇ ਹੁਣ ਸੇਖੋਂ ਖੁਦ ਸਿਆਸੀ ਤੇ ਸਮਾਜ ਸੇਵਾ ਦੇ ਖੇਤਰ ’ਚ ਖੁੱਲ੍ਹ ਕੇ ਵਿਚਰ ਰਹੇ ਹਨ। ਪੰਜਾਬ ਦੀ ਸਿਆਸਤ ’ਚ ਅਪਰਾਧ ਜਗਤ ਦੇ ਲੋਕਾਂ ਦੇ ਦਾਖਲੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਚਰਚਾ ਪ੍ਰਭਜਿੰਦਰ ਸਿੰਘ ਉਰਫ ਡਿੰਪੀ ਚੰਦਭਾਨ ਦੀ ਰਹੀ ਹੈ, ਜਿਸ ਨੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਾਹੀਂ ਸਿਆਸਤ ’ਚ ਪੈਰ ਧਰਿਆ, ਪਰ 1989 ‘ਚ ਸੂਬੇ ਦਾ ਮਾਹੌਲ ਖਰਾਬ ਹੋਣ ’ਤੇ ਚੋਣਾਂ ਰੱਦ ਹੋਣ ਕਾਰਨ ਉਨ੍ਹਾਂ ਦੀ ਚੋਣ ਲੜਣ ਦੀ ਇੱਛਾ ਪੂਰੀ ਨਹੀਂ ਹੋ ਸਕੀ। ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਚਲਾ ਗਿਆ, ਜਿੱਥੇ ਮੁਖਤਾਰ ਅੰਸਾਰੀ ਨਾਲ ਸੰਬੰਧ ਬਣੇ ਤੇ ਆਖਿਰ ਉਸ ਦੀ 2006 ’ਚ ਚੰਡੀਗੜ੍ਹ ਵਿਖੇ ਲੇਕ ਕਲੱਬ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਇਸ ਤੋਂ ਬਾਅਦ ਡਿੰਪੀ ਦਾ ਨੇੜਲਾ ਸਾਥੀ ਜਸਵਿੰਦਰ ਸਿੰਘ ਭੁੱਲਰ ਉਰਫ਼ ਰੌਕੀ ਫਾਜ਼ਿਲਕਾ ਸਰਗਰਮ ਸਿਆਸਤ ਦਾ ਹਿੱਸਾ ਬਣਿਆ, ਜਿਸ ਨੇ 2012 ’ਚ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ 39209 ਵੋਟਾਂ ਹਾਸਿਲ ਕੀਤੀਆਂ, ਪਰ ਉਹ 1692 ਵੋਟਾਂ ਨਾਲ ਭਾਜਪਾ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਤੋਂ ਹਾਰ ਗਿਆ। 2016 ’ਚ ਰੌਕੀ ਦਾ ਹਿਮਾਚਲ ’ਚ ਕਤਲ ਕਰ ਦਿੱਤਾ ਗਿਆ । ਉਸ ਤੋਂ ਬਾਅਦ ਰੌਕੀ ਦੀ ਭੈਣ ਰਾਜਦੀਪ ਕੌਰ ਨੇ 2017 ’ਚ ਫਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ 38135 ਵੋਟਾਂ ਲਈਆਂ, ਪਰ ਉਹ ਵੀ ਸਿਰਫ਼ 1141 ਵੋਟਾਂ ਦੇ ਫ਼ਰਕ ਨਾਲ ਜਿੱਤ ਤੋਂ ਪੱਛੜ ਗਈ। ਇਸੇ ਤਰ੍ਹਾਂ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਲੰਬੇ ਸਮੇਂ ਤੋਂ ਸਮਾਜ ਸੇਵਾ ਤੇ ਸਿਆਸਤ ਦਾ ਪਿੜ ਚੁਣਿਆ ਹੋਇਆ ਹੈ। ਉਸ ਨੇ ਪਹਿਲੀ ਵਾਰ ਸੂਬੇ ਦੇ ਸਾਬਕਾ ਵਿੱਤ ਮੰਤਰੀ ਤੇ ਹੁਣ ਭਾਜਪਾ ਦੇ ਕੌਮੀ ਉਪ-ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ‘ਪੀਪਜ਼ਲ ਪਾਰਟੀ ਆਫ ਪੰਜਾਬ’ (ਪੀ.ਪੀ.ਪੀ.) ਤੋਂ 2012 ’ਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਚੋਣ ਲੜੀ, ਪਰ ਸਫਲ ਨਹੀਂ ਹੋ ਸਕਿਆ। ਲੱਖਾ ਕਿਸਾਨ ਅੰਦੋਲਨ ਦੌਰਾਨ ਹੋਰ ਉੱਭਰਿਆ ਤੇ 2022 ’ਚ ਹਲਕਾ ਮੌੜ ਤੋਂ ਆਜ਼ਾਦ ਤੇ ‘ਸੰਯੁਕਤ ਕਿਸਾਨ ਮੋਰਚਾ’ ਦੀ ਮਦਦ ਨਾਲ ਚੋਣ ਲੜੀ, ਪਰ 28091 ਵੋਟਾਂ ਦੇ ਫਰਕ ਨਾਲ ਹਾਰ ਗਿਆ। ਇਸ ਤੋਂ ਬਾਅਦ ਲੱਖੇ ਨੇ ਸਿਮਰਨਜੀਤ ਸਿੰਘ ਮਾਨ ਦੇ ਦਲ ਦੀ ਅਗਵਾਈ ਹੇਠ 2024 ’ਚ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੀ ਤੇ 84000 ਤੋਂ ਵੱਧ ਵੋਟਾਂ ਲਈਆਂ, ਪਰ ਸਫਲ ਨਹੀਂ ਹੋਇਆ। ਹੁਣ ਲੱਖਾ ਸਿਧਾਣਾ  ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਾਲੇ ਅਕਾਲੀ ਦਲ ‘ਵਾਰਿਸ ਪੰਜਬ ਦੇ’ ਦਾ ਪੀ.ਏ.ਸੀ. ਮੈਂਬਰ ਹੈ ਤੇ ਹਲਕਾ ਮੌੜ ਤੋਂ 2027 ਦੀ ਚੋਣ ਲਈ ਦਾਅਵੇਦਾਰੀ ਪ੍ਰਗਟਾ ਰਿਹਾ ਹੈ। ਇਸੇ ਤਰ੍ਹਾਂ ਮਾਨ ਦਲ ਨੇ ਜੈਪਾਲ ਭੁੱਲਰ ਦੇ ਪਿਤਾ ਸੇਵਾਮੁਕਤ ਸਾਬਕਾ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਭੁੱਲਰ ਨੂੰ 2024 ’ਚ ਫਿਰੋਜ਼ਪੁਰ ਤੋਂ ਆਪਣਾ ਲੋਕ ਸਭਾ ਉਮੀਦਵਾਰ ਬਣਾਇਆ ਸੀ, ਪਰ ਬਾਅਦ ’ਚ ਉਹ ਚੋਣ ਮੈਦਾਨ ’ਚੋਂ ਪਿੱਛੇ ਹਟ ਗਿਆ। ਵਿਦੇਸ਼ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ ਵੀ ਸਿਆਸਤ ’ਚ ਪਿੱਛੇ ਨਹੀਂ ਹੈ। 2018 ਦੀ ਪੰਚਾਇਤੀ ਚੋਣ ਸਮੇਂ ਉਸ ਦੀ ਮਾਤਾ ਹਰਜੀਤ ਕੌਰ ਦਾ ਪ੍ਰਭਾਵ ਸਾਹਮਣੇ ਆਇਆ ਤੇ ਹੁਣ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤ ਕੇ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੀ ਚੇਅਰਪਰਸਨ ਤੇ ਜੱਗੂ ਦੀ ਹਮਾਇਤ ਵਾਲੀ ਅਮਨਦੀਪ ਕੌਰ ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਚੁਣੀ ਗਈ ਹੈ। ਇੰਨਾਂ ਦੀ ਜਿੱਤ ਨੇ ਜੱਗੂ ਦੇ ਪ੍ਰਭਾਵ ਦੀ ਮੁੜ ਚਰਚਾ ਛੇੜ ਦਿੱਤੀ ਹੈ। ਇਸੇ ਤਰ੍ਹਾਂ ਨਵੰਬਰ 2025 ’ਚ ਤਰਨ ਤਾਰਨ ਦੀ ਉਪ-ਚੋਣ ’ਚ ਵੀ ਵਿਦੇਸ਼ ਬੈਠੇ ਗੈਂਗਸਟਰ ਅੰਮ੍ਰਿਤਪਾਲ ਬਾਠ ਦੇ ਪ੍ਰਭਾਵ ਦੀ ਚਰਚਾ ਰਹੀ, ਜਿਸ ’ਤੇ ਇਕ ਵੋਟਰ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਪਿ੍ੰ. ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ’ਚ ਭੁਗਤਣ ਲਈ ਧਮਕਾਉਣ ਦੇ ਦੋਸ਼ ਵੀ ਲੱਗੇ ਤੇ ਇਸ ਸੰਬੰਧੀ ਥਾਣਾ ਝਬਾਲ ’ਚ ਮੁਕੱਦਮਾ ਵੀ ਦਰਜ ਹੋਇਆ। ਇਸ ਦੌਰਾਨ ਬੀਬੀ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੇ ਬਾਠ ਨਾਲ ਕਥਿਤ ਸਬੰਧਾਂ ਦਾ ਮੁੱਦਾ ਵੀ ਬਹੁਤ ਭਖਿਆ । ਇਸ ਤਰ੍ਹਾਂ ਕਈ ਗੈਂਗਸਟਰ ਚਿਹਰਿਆਂ ਨੇ ਮੁੱਖ ਧਾਰਾ ’ਚ ਆਉਣ ਲਈ ਸਿਆਸਤ ਦਾ ਸਹਾਰਾ ਲਿਆ, ਪਰ ਉਹ ਜਾਂ ਉਨ੍ਹਾਂ ਦੇ ਪਰਿਵਾਰਾਂ ’ਚੋਂ ਅਜੇ ਤੱਕ ਕੋਈ ਵੀ ਪੰਜਾਬ ਵਿਧਾਨ ਸਭਾ ਜਾਂ ਸੰਸਦ ਦੀਆਂ ਪੌੜੀਆਂ ਨਹੀਂ ਚੜ ਸਕਿਆ। ਹੁਣ ਇਹ ਸਮਾਂ ਹੀ ਦੱਸੇਗਾ ਕਿ ਉਕਤ ’ਚੋਂ ਮੌਜੂਦਾ ਸਿਆਸਤ ’ਚ ਸਰਗਰਮ ਲੱਖਾ ਸਿਧਾਣਾ ਜਾਂ ਗੁਰਪ੍ਰੀਤ ਸਿੰਘ ਸੇਖੋਂ ’ਚੋਂ ਕੌਣ 2027 ਦੀਆਂ ਵਿਧਾਨ ਸਭਾ ਚੋਣਾਂ ’ਚੋਂ ਨਿੱਤਰਦਾ ਹੈ। ਇਨ੍ਹਾਂ ਤੋਂ ਇਲਾਵਾ ਜੈਪਾਲ ਭੁੱਲਰ ਦਾ ਸਾਥੀ ਰਿਹਾ ਚੰਦਨ ਉਰਫ ਚੰਦੂ ਫਿਰੋਜ਼ਪੁਰੀਆ ਵੀ ਸਮਾਜ ਸੇਵਾ ਦੇ ਖੇਤਰ ’ਚ ਵਿਚਰ ਰਿਹਾ ਹੈ, ਜਿਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ’ਚ ਉਹ ਵੀ ਸਰਗਰਮ ਸਿਆਸਤ ’ਚ ਪੈਰ ਧਰ ਸਕਦਾ ਹੈ ਤੇ ਕਿਸੇ ਸਿਆਸੀ ਧਿਰ ਜਾਂ ਫਿਰ ਆਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਵੀ ਕੁੱਦ ਸਕਦਾ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਲਕਜ਼ਮਬਰਗ ਸੰਬੰਧ ਨਵੇਂ ਪੜਾਅ ’ਚ-ਜੈਸ਼ੰਕਰ ਅਗਲੀ ਖ਼ਬਰ ਕਠੂਆ ’ਚ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 4 ਪੰਜਾਬੀ ਗ੍ਰਿਫ਼ਤਾਰ
Ad Position 24