17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਸਲ ਸਮਾਜਿਕ ਨਿਆਂ ਪ੍ਰਤੀ ਵਚਨਬੱਧ ਹੈ ਸਰਕਾਰ-ਰਾਸ਼ਟਰਪਤੀ <br/>

Ad Position 21
No active advertisement
ਅਜੀਤ ਡੈਸਕ 29-01-2026

ਨਵੀਂ ਦਿੱਲੀ, 28 ਜਨਵਰੀ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਬਜਟ ਇਜਲਾਸ ਦੀ ਰਸਮੀ ਸ਼ੁਰੂਆਤ ਦੋਵਾਂ ਸਦਨਾਂ ਨੂੰ ਕੀਤੇ ਸਾਂਝੇ ਸੰਬੋਧਨ ਨਾਲ ਕੀਤੀ, ਜਿਸ 'ਚ ਸਰਕਾਰ ਦੀਆਂ ਉਪਲਬਧੀਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਰਿਕਾਰਡ ਅਨਾਜ ਉਤਪਾਦਨ, ਸਮਾਜਿਕ ਸੁਰੱਖਿਆ ਦਾ ਵਧਦਾ ਦਾਇਰਾ, 'ਆਪ੍ਰੇਸ਼ਨ ਸੰਧੂਰ' ਦੀ ਸਫਲਤਾ, ਨਕਸਲੀ ਅੱਤਵਾਦ 'ਤੇ ਠੱਲ੍ਹ ਅਤੇ ਭਾਰਤ-ਯੂਰਪੀਅਨ ਯੂਨੀਅਨ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਦਾ ਜ਼ਿਕਰ ਕੀਤਾ | ਇਸ ਦੇ ਨਾਲ ਹੀ ਡੀਪਫੇਕ ਅਤੇ ਫਰਜ਼ੀ ਖਬਰਾਂ ਜਿਹੇ ਜੁਰਮਾਂ ਨੂੰ ਲੋਕਤੰਤਰ ਲਈ ਵੱਡਾ ਖਤਰਾ ਦੱਸਦਿਆਂ ਉਨ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਨੂੰ ਵੇਖਦਿਆਂ ਇਸ ਵਿਸ਼ੇ 'ਤੇ ਗੰਭੀਰ ਹੋਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ |
ਰਾਸ਼ਟਰਪਤੀ ਵਲੋਂ ਦਿੱਤੇ ਭਾਸ਼ਨ ਦੌਰਾਨ ਜਦੋਂ ਉਨ੍ਹਾਂ ਪਿਛਲੇ ਇਜਲਾਸ 'ਚ ਪਾਸ ਹੋਏ ਵਿਕਸਿਤ ਭਾਰਤ ਗਾਰੰਟੀ ਫਾਗ ਅਜੀਵਿਕਾ ਮਿਸ਼ਨ (ਗ੍ਰਾਮੀਣ) ਭਾਵ 'ਜੀ ਰਾਮ ਜੀ' ਬਿੱਲ ਦਾ ਜ਼ਿਕਰ ਕੀਤਾ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ | ਮਗਨਰੇਗਾ ਦੀ ਥਾਂ 'ਤੇ ਲਿਆਂਦੇ ਇਸ ਬਿੱਲ ਦੇ ਜ਼ਿਕਰ 'ਤੇ ਕਾਂਗਰਸ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ, ਜਦਕਿ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐਨ.ਡੀ.ਏ. ਦੇ ਮੈਂਬਰ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਸਨ, ਇਸ 'ਤੇ ਮੇਜ ਥਪਥਪਾਉਂਦੇ ਨਜ਼ਰ ਆਏ | ਰਾਸ਼ਟਰਪਤੀ ਨੇ 'ਜੀ ਰਾਮ ਜੀ' ਬਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿਹਾਤੀ ਖੇਤਰ 'ਚ ਰੁਜ਼ਗਾਰ ਅਤੇ ਵਿਕਾਸ ਦੇ ਲਈ 'ਵਿਕਸਿਤ ਭਾਰਤ ਜੀ ਰਾਮ ਜੀ' ਬਿੱਲ ਕਾਨੂੰਨ ਬਣਾਇਆ ਗਿਆ | ਉਨ੍ਹਾਂ ਇਸ ਵਿਵਾਦਿਤ ਕਾਨੂੰਨ 'ਤੇ ਸਰਕਾਰ ਦਾ ਪੱਖ ਰਖਦਿਆਂ ਇਸ ਨੂੰ ਸੁਧਾਰ ਦਾ ਨਾਂਅ ਦਿੰਦਿਆਂ ਕਿਹਾ ਕਿ ਇਸ ਨਾਲ ਪਿੰਡਾਂ 'ਚ 125 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਹੋਵੇਗੀ | ਨਾਲ ਹੀ ਭਿ੍ਸ਼ਟਾਚਾਰ ਅਤੇ ਲੀਕੇਜ ਨੂੰ ਰੋਕਣਾ ਯਕੀਨੀ ਹੋ ਪਾਏਗਾ, ਜਿਸਦੇ ਲਈ ਸਰਕਾਰ ਨੇ ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਪਿੰਡਾਂ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਕਿਸਾਨ, ਪਸ਼ੂ ਪਾਲਕਾਂ ਅਤੇ ਮਛੇਰਿਆਂ ਲਈ ਨਵੀਆਂ ਸੁਵਿਧਾਵਾਂ ਸਿਰਜੀਆਂ ਜਾਣਗੀਆਂ |
ਰਾਸ਼ਟਰਪਤੀ ਨੇ ਕਿਹਾ ਕਿ 'ਆਪ੍ਰੇਸ਼ਨ ਸੰਧੂਰ' ਰਾਹੀਂ ਵਿਸ਼ਵ ਨੇ ਭਾਰਤੀ ਫ਼ੌਜ ਦੀ ਬਹਾਦਰੀ ਵੇਖੀ ਹੈ ਅਤੇ ਸਰਕਾਰ ਨੇ ਸਖਤ ਸੰਦੇਸ਼ ਦਿੱਤਾ ਕਿ ਭਾਰਤ 'ਤੇ ਕਿਸੇ ਵੀ ਅੱਤਵਾਦੀ ਹਮਲੇ ਦਾ ਜਵਾਬ ਮਜ਼ਬੂਤ ਅਤੇ ਫੈਸਲਾਕੁੰਨ ਹੋਵੇਗਾ | ਉਨ੍ਹਾਂ ਕਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਰੱਦ ਕੀਤਾ ਜਾਣਾ ਵੀ ਅੱਤਵਾਦ ਦੇ ਖ਼ਿਲਾਫ਼ ਸਾਡੀ ਜੰਗ ਦਾ ਹਿੱਸਾ ਹੈ |
ਸੰਸਦ, ਸਰਕਾਰ ਅਤੇ ਨਾਗਰਿਕ ਮਿਲ ਕੇ ਕਰਨਗੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ
ਰਾਸ਼ਟਰਪਤੀ ਨੇ ਸਰਕਾਰ ਵਲੋਂ ਰੱਖੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਲਈ ਸੰਸਦ, ਸਰਕਾਰ ਅਤੇ ਨਾਗਰਿਕਾਂ ਤਿੰਨਾਂ ਨੂੰ ਇਕੱਠੇ ਆਉਣ ਦਾ ਹੋਕਾ ਦਿੱਤਾ | ਰਾਸ਼ਟਰਪਤੀ ਨੇ ਆਪਣੇ ਭਾਸ਼ਨ 'ਚ ਸਰਕਾਰ ਦੀਆਂ ਉਪਲਬਧੀਆਂ ਦਾ ਲੇਖਾ-ਜੋਖਾ ਅੱਗੇ ਰਖਦਿਆਂ ਕਿਹਾ ਕਿ ਸਾਲ 2025 'ਚ ਭਾਰਤ ਨੇ ਰਿਕਾਰਡ 350 ਮਿਲੀਅਨ ਟਨ ਅਨਾਜ ਦਾ ਉਤਪਾਦਨ ਕੀਤਾ | ਉਨ੍ਹਾਂ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚਣ ਨੂੰ ਇਕ ਇਤਿਹਾਸਿਕ ਯਾਤਰਾ ਦੀ ਸ਼ੁਰੂਆਤ ਦੱਸਿਆ | ਰਾਸ਼ਟਰਪਤੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਭਿ੍ਸ਼ਟਾਚਾਰ ਅਤੇ ਘੁਟਾਲਿਆਂ ਨਾਲ ਨਜਿੱਠਣ 'ਚ ਸਫਲ ਰਹੀ ਅਤੇ 6.75 ਲੱਖ ਕਰੋੜ ਰੁਪਏ ਡੀ.ਬੀ.ਟੀ. ਰਾਹੀਂ ਲੋਕਾਂ ਨੂੰ ਪਹੁੰਚਾਏ ਗਏ ਅਤੇ ਦੇਸ਼ ਦੇ ਤਕਰੀਬਨ 95 ਕਰੋੜ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਫਾਇਦਾ ਮਿਲ ਰਿਹਾ ਹੈ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਪੂਰਾ ਕਰਨ ਲਈ ਸਰਕਾਰ ਸੁਧਾਰ ਐਕਸਪ੍ਰੈੱਸ ਦੀ ਗਤੀ ਨੂੰ ਤੇਜ਼ ਕਰ ਰਹੀ ਹੈ ਅਤੇ ਇਕ-ਇਕ ਪਾਈ ਭਾਰਤ ਦੇ ਵਿਕਾਸ 'ਚ ਖਰਚ ਹੋ ਰਹੀ ਹੈ | ਰਾਸ਼ਟਰਪਤੀ ਨੇ ਆਪਣੇ ਭਾਸ਼ਨ 'ਚ ਮੰਗਲਵਾਰ ਨੂੰ ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਭਾਰਤੀ ਰੇਲ ਦੀ ਅਹਿਮ ਉਪਲਬਧੀ ਕਰਾਰ ਦਿੱਤਾ | ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਹੁਣ ਨਕਸਲੀ ਅੱਤਵਾਦ ਦੀ ਚੁਣੌਤੀ 126 ਜ਼ਿਲਿ੍ਹਆਂ ਤੋਂ ਘਟ ਕੇ ਸਿਰਫ 8 ਜ਼ਿਲਿ੍ਹਆਂ ਤੱਕ ਸਿਮਟ ਗਈ ਹੈ ਅਤੇ ਇਨ੍ਹਾਂ 'ਚ ਵੀ ਤਿੰਨ ਜ਼ਿਲ੍ਹੇ ਹੀ ਗੰਭੀਰ ਰੂਪ ਨਾਲ ਪ੍ਰਭਾਵਿਤ ਹਨ |
ਚੋਣ ਮੁਖੀ ਸੂਬਿਆਂ ਦਾ ਵੀ ਅਸਿੱਧੇ ਢੰਗ ਨਾਲ ਜ਼ਿਕਰ
ਰਾਸ਼ਟਰਪਤੀ ਦੇ ਭਾਸ਼ਨ 'ਚ ਅਸਿੱਧੇ ਢੰਗ ਨਾਲ ਚੋਣ ਮੁਖੀ ਸੂਬਿਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਦਾ ਵੀ ਜ਼ਿਕਰ ਰਿਹਾ, ਜਿਸ 'ਚ ਪੰਜਾਬ 'ਚ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਕੇਰਲ ਦੇ ਸੰਤ ਸ੍ਰੀ ਨਰਾਇਣ ਗੁਰੂ, ਪੱਛਮੀ ਬੰਗਾਲ ਦੇ ਬੰਕਿਮ ਚੰਦਰ ਚਟੋਪਾਧਿਆਏ, ਭੂਪੇਨ ਹਜ਼ਾਰਿਕਾ ਅਤੇ ਰਵਿੰਦਰ ਨਾਥ ਟੈਗੋਰ ਤੇ ਤਾਮਿਲਨਾਡੂ ਦੇ ਸੰਤ ਤਿਰੁਵੱਲੁਵਰ ਦਾ ਵੀ ਉਚੇਚਾ ਜ਼ਿਕਰ ਕੀਤਾ | ਇਸ ਤੋਂ ਇਲਾਵਾ ਉੱਤਰ ਪੂਰਬੀ ਸੂਬੇ ਵੀ ਉਨ੍ਹਾਂ ਦੇ ਭਾਸ਼ਨ ਦੇ ਕੇਂਦਰ 'ਚ ਰਹੇ |
ਦੋ ਵਾਰ ਕੀਤਾ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਭਾਸ਼ਨ 'ਚ ਦੋ ਵਾਰ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ | ਭਾਸ਼ਨ ਦੀ ਸ਼ੁਰੂਆਤ 'ਚ ਹੀ ਉਨ੍ਹਾਂ ਸਰਕਾਰ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨਾਲ ਸੰਬੰਧਿਤ ਕਰਵਾਏ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ਵਾਸੀਆਂ ਨੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ | ਰਾਸ਼ਟਰਪਤੀ ਨੇ ਦੇਸ਼ ਦੀ ਸੁਰੱਖਿਆ ਦੀ ਭਾਵਨਾ ਯਕੀਨੀ ਬਣਾਉਣ ਅਤੇ 'ਆਪ੍ਰੇਸ਼ਨ ਸੰਧੂਰ' ਦੀ ਸਫਲਤਾ ਦਾ ਜ਼ਿਕਰ ਕਰਦਿਆਂ ਗੁਰਬਾਣੀ ਦੀ ਤੁਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਿਖਾਇਆ ਹੈ -
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ¨
ਭਾਵ ਅਸੀਂ ਕਿਸੇ ਨੂੰ ਡਰਾਈਏ ਨਾ ਅਤੇ ਨਾ ਹੀ ਕਿਸੇ ਤੋਂ ਡਰ ਕੇ ਰਹੀਏ

Ad Position 22
No active advertisement
ਪਿਛਲੀ ਖ਼ਬਰ ਜਹਾਜ਼ ਹਾਦਸੇ 'ਚ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਦਿਹਾਂਤ <br/> ਅਗਲੀ ਖ਼ਬਰ ਕੈਨੇਡਾ ਸਰਕਾਰ ਵਲੋਂ ਵਰਕ ਪਰਮਿਟ ਨਿਯਮਾਂ 'ਚ ਫੇਰਬਦਲ <br/>
Ad Position 24