ਦਾਣਾ ਮੰਡੀ ਭੁਲੱਥ ਸਮੇਤ ਹੋਰ 7 ਮੰਡੀਆਂ 'ਚ ਸਾਉਣੀ ਸੀਜ਼ਨ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ-ਚੇਅਰਮੈਨ, ਸਕੱਤਰ
ਅਜੀਤ ਡੈਸਕ
21-09-2025
ਭੁਲੱਥ, 20 ਸਤੰਬਰ (ਮਨਜੀਤ ਸਿੰਘ ਰਤਨ)-ਮਾਰਕੀਟ ਕਮੇਟੀ ਭੁਲੱਥ ਵਿਖੇ ਮੁੱਖ ਦਾਣਾ ਮੰਡੀ ਭੁਲੱਥ ਸਮੇਤ ਹੋਰ ਸੱਤ ਮੰਡੀਆਂ ਆਉਂਦੀਆਂ ਹਨ ਜਿਨ੍ਹਾਂ ਵਿਚ ਝੋਨੇ ਦੇ ਸੀਜ਼ਨ ਲਈ ਮੰਡੀਆਂ ਵਿਚ ਮੁੱਢਲੇ ਸੀਜ਼ਨਲ ਪ੍ਰਬੰਧ ਜਿਵੇਂ ਕਿ ਮੰਡੀਆਂ ਵਿਚ ਸਫ਼ਾਈ, ਬਿਜਲੀ, ਛਾਂ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਹ ਪ੍ਰਗਟਾਵਾ ਤੇਜਿੰਦਰ ਸਿੰਘ ਰੈਂਪੀ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ ਅਤੇ ਸਕੱਤਰ ਹਰਪ੍ਰੀਤ ਸਿੰਘ ਨੇ ਦਾਣਾ ਮੰਡੀ ਭੁਲੱਥ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ |
ਉਨ੍ਹਾਂ ਕਿਹਾ ਕਿ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਮੰਡੀਆਂ ਵਿਚ ਮਾਰਕੀਟ ਕਮੇਟੀ ਦੇ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਅਮਲੇ ਨੂੰ ਮੰਡੀਆਂ ਵਿਚ ਸੁਚਾਰੂ ਢੰਗ ਨਾਲ ਕੰਮ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਵੀ ਸਾਉਣੀ ਸੀਜ਼ਨ ਦੌਰਾਨ ਜਾਰੀ ਹੋਈਆਂ ਹਦਾਇਤਾਂ ਸਬੰਧੀ ਲਿਖ ਦਿੱਤਾ ਗਿਆ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਕਟਾਈ ਕਰਨ ਵਿਚ ਜਲਦੀ ਨਾ ਕਰਨ | ਮੰਡੀ ਵਿਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ ਤਾਂ ਕਿਸਾਨ ਸਮੇਂ ਸਿਰ ਆਪਣੀ ਫ਼ਸਲ ਵੇਚ ਕੇ ਘਰ ਨੂੰ ਜਾ ਸਕਣ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |
ਉਨ੍ਹਾਂ ਇਹ ਵੀ ਦੱਸਿਆ ਕਿ ਦਾਣਾ ਮੰਡੀ ਭੁਲੱਥ ਵਿਚ ਪਨਸਪ ਤੇ ਵੇਅਰ ਹਾਊਸ, ਨਡਾਲਾ ਵਿਚ ਪਨਗਰੇਨ ਅਤੇ ਪਨਸਪ, ਦਾਣਾ ਮੰਡੀ ਬੇਗੋਵਾਲ ਵਿਚ ਪਨਗਰੇਨ, ਮਾਰਕਫੈੱਡ ਅਤੇ ਪਨਸਪ, ਦਾਣਾ ਮੰਡੀ ਇਬਰਾਹੀਮ ਵਿਚ ਮਾਰਕਫੈੱਡ, ਚੌਂਕ ਬਜਾਜ ਵਿਚ ਪਨਗਰੇਨ, ਮਾਰਕਫੈੱਡ ਅਤੇ ਪਨਸਪ, ਬਰਿਆਰ ਵਿਚ ਪਨਗਰੇਨ ਅਤੇ ਪਨਸਪ, ਦਾਣਾ ਮੰਡੀ ਖੱਸਣ ਵਿਚ ਮਾਰਕਫੈੱਡ ਅਤੇ ਪਨਸਪ ਅਤੇ ਦਾਣਾ ਮੰਡੀ ਰਾਮਗੜ੍ਹ ਵਿਚ ਪਨਸਪ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰਨਗੀਆਂ |