ਸਿੱਧਵਾਂ ਬੇਟ, 20 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਲਏ ਗਏ ਕਰਜ਼ੇ, ਮਾਈਨਿੰਗ, ਐਕਸਾਈਜ਼, ਜੀ.ਐੱਸ.ਟੀ. ਅਤੇ ਹੋਰ ਮਾਲੀਆ ਵਸੂਲਣ ਦੇ ਬਾਵਜੂਦ ਸਰਕਾਰ ਦੀ ਹਾਲਤ ਕੱਖੋਂ ਹੌਲੀ ਬਣੀ ਪਈ ਹੈ ਅਤੇ ਹੁਣ ਮਾਨ ਸਰਕਾਰ ਆਪਣੀਆਂ ਕੈਬਨਿਟ ਮੀਟਿੰਗਾਂ ਵਿਚ ਸਿਰਫ਼ ਸਰਕਾਰੀ ਜਾਇਦਾਦਾਂ ਲੱਭ ਕੇ ਉਨ੍ਹਾਂ ਨੂੰ ਵੇਚਣ ਦਾ ਵਿਚਾਰ ਕਰਦੀ ਵਿਖਾਈ ਦੇ ਰਹੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਕਰਦੇ ਹੋਏ ਆਖਿਆ ਕਿ ਸਰਕਾਰ ਸਿਰਫ਼ ਸ਼ੋਸਲ ਮੀਡੀਏ ਰਾਹੀਂ ਝੂਠੇ ਦਮਗਜੇ ਮਾਰ ਰਹੀ ਹੈ | ਸਰਕਾਰ ਪਿਛਲੇ ਦਿਨਾਂ ਵਿਚ ਆਏ ਭਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਆਪ ਕੁਝ ਦੇਣ ਦੀ ਬਜਾਏ ਆਪਣੇ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ ਨੂੰ ਵੱਧ ਤੋਂ ਵੱਧ ਦਾਨ ਇਕੱਠਾ ਕਰਨ ਦੇ ਫੁਰਮਾਨ ਜਾਰੀ ਕਰ ਰਹੀ ਹੈ | ਸਰਕਾਰ ਨੇ ਪੰਚਾਇਤਾਂ ਨੂੰ ਆਪ ਤਾਂ ਕੀ ਦੇਣਾ ਸਗੋਂ ਪੰਚਾਇਤਾਂ ਦੀਆਂ ਆਮਦਨਾਂ 'ਚੋਂ 5 ਫ਼ੀਸਦੀ ਹਿੱਸਾ ਮੰਗ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ | ਸਰਕਾਰ ਕਿਵੇਂ ਪੰਜਾਬ ਦੇ ਕਿਸਾਨਾਂ ਨੂੰ 20 ਹਜ਼ਾਰ ਪ੍ਰਤੀ ਏਕੜ ਤੇ ਨੁਕਸਾਨੇ ਗਏ ਪਸ਼ੂਆਂ ਵਾਸਤੇ 37 ਹਜ਼ਾਰ ਪ੍ਰਤੀ ਪਸ਼ੂ, ਹੜ੍ਹਾਂ ਨਾਲ ਨੁਕਸਾਨੇ ਗਏ ਮਕਾਨਾਂ, ਸੜਕਾਂ, ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਕਿਵੇਂ ਕਰੇਗੀ |