17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰਦੁਆਰਾ ਜਨਮ ਅਸਥਾਨ ਵਿਖੇ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 06-11-2025
ਨਨਕਾਣਾ ਸਾਹਿਬ (ਪਾਕਿਸਤਾਨ), 5 ਨਵੰਬਰ (ਜਸਵੰਤ ਸਿੰਘ ਜੱਸ)-ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਜਾਏ ਗਏ ਵਿਸ਼ਾਲ ਗੁਰਮਤਿ ਸਮਾਗਮ 'ਚ ਪੁੱਜੀਆਂ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਸੰਗਤ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ 'ਤੇ ਚੱਲਣ ਦੀ ਪ੍ਰੇਰਨਾ ਕੀਤੀ ਗਈ | ਸੰਗਤ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਫੈਡਰਲ ਮੰਤਰੀ ਜਨਾਬ ਯੂਸਫ਼ ਮੁਹੰਮਦ ਨੇ ਕਿਹਾ ਕਿ ਪਾਕਿ ਸਰਕਾਰ ਸਿੱਖ ਵਿਰਸੇ ਦੀ ਹਿਫ਼ਾਜ਼ਤ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਤੋਂ ਹਮੇਸ਼ਾ ਮੁਹੱਬਤ ਦਾ ਪੈਗਾਮ ਜਾਂਦਾ ਹੈ | ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਉਪਦੇਸ਼ ਸਮੁੱਚੀ ਲੋਕਾਈ ਲਈ ਹੈ | ਉਨ੍ਹਾਂ ਪਾਕਿ ਅਧਿਕਾਰੀਆਂ ਅਤੇ ਗੁਰਦੁਆਰਾ ਕਮੇਟੀ ਨੂੰ ਅਪੀਲ ਕੀਤੀ ਕਿ ਭਾਵੇਂ ਲੋੜ ਅਨੁਸਾਰ ਨਵੀਆਂ ਉਸਾਰੀਆਂ ਵੀ ਹੋਣ, ਪਰ ਸਿੱਖ ਵਿਰਾਸਤ ਨੂੰ ਜਿਉਂ ਦੀ ਤਿਉਂ ਸੰਭਾਲਿਆ ਜਾਵੇ | ਪਾਕਿ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਸਿੱਖਾਂ ਤੇ ਪਾਕਿਸਤਾਨ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਸਿੱਖਾਂ ਨੂੰ ਪਾਕਿਸਤਾਨ 'ਚ ਬਹੁਤ ਮਾਣ ਸਨਮਾਨ ਮਿਲ ਰਿਹਾ ਹੈ | ਸ਼੍ਰੋਮਣੀ ਕਮੇਟੀ ਦੇ ਜਥੇ ਦੀ ਅਗਵਾਈ ਕਰਨ ਵਾਲੇ ਬੀਬੀ ਗੁਰਿੰਦਰ ਕੌਰ ਭੋਲੂਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਿਥੇ ਸਾਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸੰਦੇਸ਼ ਦਿੱਤਾ | ਉਥੇ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਤੋਂ ਦੂਰ ਰਹਿਣ ਤੇ ਔਰਤਾਂ ਨੂੰ ਮਾਣ ਅਤੇ ਸਤਿਕਾਰ ਦੇਣ ਦੀ ਵੀ ਪ੍ਰੇਰਨਾ ਕੀਤੀ | ਇਸ ਦੌਰਾਨ ਪਾਕਿਸਤਾਨ ਦੇ ਸਟੇਟ ਮੰਤਰੀ ਖੇਲਦਾਸ ਕੋਹਿਸਤਾਨੀ, ਪਾਕਿਸਤਾਨ ਈਵੈਕਿਊ ਪ੍ਰਾਪਰਟੀ ਟਰੱਸਟ ਬੋਰਡ ਸ਼ਰਾਇਨਜ਼ ਦੇ ਵਧੀਕ ਸਕੱਤਰ ਨਾਸਿਰ ਮੁਸ਼ਤਾਕ, ਦਿੱਲੀ ਕਮੇਟੀ ਦੇ ਜਥੇ ਦੇ ਮੁਖੀ ਰਮਿੰਦਰ ਸਿੰਘ ਸਵੀਟੀ, ਸਿੱਖ ਆਗੂ ਜੋਗਾ ਸਿੰਘ ਯੂ.ਕੇ, ਪਾਕਿਸਤਾਨ ਕਮੇਟੀ ਦੇ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਤੇ ਡਾ. ਮਿਮਪਾਲ ਸਿੰਘ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਬਣੀ ਅਗਲੀ ਖ਼ਬਰ ਅੱਧੀ ਰਾਤ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਤੇ ਆਤਿਸ਼ਬਾਜ਼ੀ ਚਲਾਈ
Ad Position 24