ਨਸਰਾਲਾ, (ਹੁਸ਼ਿਆਰਪੁਰ), 27 ਨਵੰਬਰ (ਸਤਵੰਤ ਸਿੰਘ ਥਿਆੜਾ)- ਨਸਰਾਲਾ, ਹੁਸ਼ਿਆਰਪੁਰ 'ਚ ਨਿੱਤ ਦਿਨ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿਆਲਾਂ ਫੀਡਰ ਅਧੀਨ ਆਉਂਦੇ ਨਸਰਾਲਾ, ਖ਼ਾਨਪੁਰ ਥਿਆੜਾ, ਮੇਘੋਵਾਲ, ਗਗਨੌਲੀ, ਦਿਓਵਾਲ, ਪੰਡੋਰੀ ਰੁਕਮਾਨ, ਕੁਰਾਂਗਣਾ,ਜਾਧੂਜੰਡਾ ਆਦਿ ਪਿੰਡਾਂ ਦੇ ਲੋਕਾਂ ਨੇ ਕਿਹਾ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਸਵੇਰ ਦੀ ਹੀ ਬਿਜਲੀ ਬੰਦ ਸੀ ਤੇ ਸ਼ਾਮ ਨੂੰ 5 ਵਜੇ ਦੇ ਕਰੀਬ ਚਾਲੂ ਹੋਈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆਈਆਂ। ਉਸੇ ਦਿਨ 24 ਨਵੰਬਰ ਤੋਂ ਹੀ ਬਿਜਲੀ ਦੀ ਸਪਲਾਈ ਦੇ ਲਗਾਤਾਰ ਲੱਗ ਰਹੇ ਕੱਟਾਂ ਨੇ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਸਵੇਰੇ ਸੁੱਤੇ ਉਠਦਿਆਂ ਹੀ ਬਿਜਲੀ ਬੰਦ ਹੁੰਦੀ ਹੈ ਤੇ ਲੋਕਾਂ ਨੇ ਉਸ ਸਮੇਂ ਆਪੋ ਆਪਣੇ ਕੰਮਾਂ ’ਤੇ ਜਾਣ ਲਈ ਤਿਆਰ ਹੋਣਾ ਹੁੰਦਾ ਹੈ।
ਪਿੰਡਾਂ ਦੀ ਪਾਣੀ ਦੀ ਸਪਲਾਈ ਵੀ ਠੱਪ ਹੋ ਜਾਂਦੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਘਰ ਚੱਕਗੁੱਜਰਾਂ ਤੋਂ ਗਰੁੱਪਾਂ ’ਚ ਕੱਟ ਦਾ ਮੈਸਜ ਪਾਇਆ ਜਾਂਦਾ ਹੈ ਤੇ ਲੋਕ ਉਸ ਟਾਈਮ ਦਾ ਇੰਤਜ਼ਾਰ ਕਰਦੇ ਹਨ, ਪਰ ਇਕਦਮ ਬਿਜਲੀ ਕੱਟ ਦਾ ਸਮਾਂ ਵਧਾ ਦਿੱਤਾ ਜਾਂਦਾ ਹੈ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।