ਸ੍ਰੀਨਗਰ, 27 ਨਵੰਬਰ- ਜੰਮੂ-ਕਸ਼ਮੀਰ ਕਾਂਗਰਸ ਦੇ ਨੇਤਾ ਅਤੇ ਅਨੰਤਨਾਗ ਤੋਂ ਵਿਧਾਇਕ ਪੀਰਜ਼ਾਦਾ ਮੁਹੰਮਦ ਸਈਦ ਦਾ ਅੱਜ ਦਿਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਅਨੁਸਾਰ ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਅਨੰਤਨਾਗ ਦੇ ਦਮਹਲ ਅਛਬਲ ਵਿਖੇ ਕੀਤਾ ਜਾਵੇਗਾ। ਪੀਰਜ਼ਾਦਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਨੰਤਨਾਗ ਸੀਟ ਜਿੱਤੀ ਸੀ।
ਉਨ੍ਹਾਂ ਨੇ ਪੀ.ਡੀ.ਪੀ. ਉਮੀਦਵਾਰ ਮਹਿਬੂਬ ਬੇਗ ਨੂੰ 1,600 ਤੋਂ ਵੱਧ ਵੋਟਾਂ ਨਾਲ ਹਰਾਇਆ। ਉਹ 8 ਅਕਤੂਬਰ, 2024 ਨੂੰ ਵਿਧਾਇਕ ਬਣੇ। ਪੀਰਜ਼ਾਦਾ ਪਹਿਲਾਂ 1987, 2002 ਅਤੇ 2008 ਵਿਚ ਕੋਕਰਨਾਗ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਸੀ।