ਜ਼ੀਰਕਪੁਰ, 20 ਨਵੰਬਰ (ਭੁਪਿੰਦਰ)- ਜ਼ੀਰਕਪੁਰ ਦੇ ਵਿਚ ਪੁਲਿਸ ਨੇ ਗੈਂਗਸਟਰਾਂ ਦਾ ਇਨਕਾਊਂਟਰ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਗੈਂਗਸਟਰ ਤਰਨਤਾਰਨ ਦੇ ਵਿਚ ਕੋਈ ਵਾਰਦਾਤ ਨੂੰ ਅੰਜ਼ਾਮ ਦੇ ਕੇ ਜ਼ੀਰਕਪੁਰ ਨੂੰ ਭੱਜ ਕੇ ਆ ਗਏ ਸੀ।
ਚੰਡੀਗੜ੍ਹ-ਜ਼ੀਰਕਪੁਰ ਨੈਸ਼ਨਲ ਹਾਈਵੇ ’ਤੇ ਸਥਿਤ ਹੋਟਲ ਕੰਗ ਨੇੜੇ ਸ਼ੁੱਕਰਵਾਰ ਨੂੰ ਪੁਲਿਸ ਮੁਕਾਬਲਾ ਹੋਣ ਦੀ ਸੂਚਨਾ ਸਾਹਮਣੇ ਆਈ। ਮੁੱਢਲੀ ਜਾਣਕਾਰੀ ਅਨੁਸਾਰ, ਇਸ ਮੁਕਾਬਲੇ ਵਿਚ ਅਮਨਦੀਪ ਉਰਫ਼ ਹੈਪੀ ਬਾਮਣ ਦਾ ਨਾਂ ਸਾਹਮਣੇ ਆ ਰਿਹਾ ਹੈ, ਜਿਸ ਨੂੰ ਤਰਨਤਾਰਨ ਵਿਚ ਪੰਜਾਬ ਪੁਲਿਸ ਦੇ ਏ.ਐੱਸ.ਆਈ ਇਕਬਾਲ ਸਿੰਘ ਦੇ ਕਤਲਕਾਂਡ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਮੁਕਾਬਲੇ ਦੌਰਾਨ ਹੈਪੀ ਬਾਮਣ ਦੇ ਜ਼ਖ਼ਮੀ ਹੋਣ, ਮਾਰੇ ਜਾਣ ਜਾਂ ਗ੍ਰਿਫ਼ਤਾਰ ਕੀਤੇ ਜਾਣ ਸਬੰਧੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਕਾਰਵਾਈ ਦਾ ਪੂਰਾ ਘਟਨਾਕ੍ਰਮ ਅਤੇ ਇਸ ਵਿਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ 11 ਅਕਤੂਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿਚ ਪੰਜਾਬ ਪੁਲਿਸ ਦੇ ਏ.ਐੱਸ.ਆਈ. ਇਕਬਾਲ ਸਿੰਘ ਦਾ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਰੀਬ 55 ਸਾਲਾ ਇਕਬਾਲ ਸਿੰਘ ਫਿਰੋਜ਼ਪੁਰ ਵਿਚ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਤਾਇਨਾਤ ਸਨ। ਉਹ ਡਿਊਟੀ ਖ਼ਤਮ ਕਰਕੇ ਆਪਣੇ ਘਰ ਵਾਪਸ ਜਾ ਰਹੇ ਸਨ। ਇਸੇ ਦੌਰਾਨ ਨੌਸ਼ਹਿਰਾ ਪੰਨੂਆਂ-ਲੌਹਕਾ ਰੋਡ ’ਤੇ ਪਟਵਾਰਖਾਨੇ ਨੇੜੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਸੀ।
ਵਾਰਦਾਤ ਸਮੇਂ ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਵੀ ਕੁਝ ਦੂਰੀ ’ਤੇ ਸਕੂਟੀ ਰਾਹੀਂ ਪਿੱਛੇ ਆ ਰਹੀ ਸੀ। ਦੋਵਾਂ ਨੇ ਘਰ ਜਾਣ ਤੋਂ ਪਹਿਲਾਂ ਬਾਜ਼ਾਰ ਵਿਚ ਖ਼ਰੀਦਦਾਰੀ ਕੀਤੀ ਸੀ। ਇਸ ਤੋਂ ਬਾਅਦ ਇਕਬਾਲ ਸਿੰਘ ਮੋਟਰਸਾਈਕਲ ’ਤੇ ਅੱਗੇ ਨਿਕਲ ਗਏ, ਜਦਕਿ ਉਨ੍ਹਾਂ ਦੀ ਪਤਨੀ ਪਿੱਛੇ ਆ ਰਹੀ ਸੀ। ਇਸੇ ਦੌਰਾਨ ਦੋ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਕ ਮਹੀਨੇ ਦੇ ਅੰਦਰ ਚਾਚੇ-ਭਤੀਜੇ ਦਾ ਕਤਲ, ਪੁਲਿਸ ਜਾਂਚ ’ਚ ਸਾਹਮਣੇ ਆਏ ਕਈ ਪਹਿਲੂ
ਇਸ ਕਤਲਕਾਂਡ ਦਾ ਇਕ ਅਹਿਮ ਪਹਿਲੂ ਇਹ ਵੀ ਸੀ ਕਿ ਇਕਬਾਲ ਸਿੰਘ ਦੇ ਭਤੀਜੇ ਅਜਮੀਤ ਸਿੰਘ ਦਾ ਵੀ ਠੀਕ ਇੱਕ ਮਹੀਨਾ ਪਹਿਲਾਂ 11 ਸਤੰਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਜਮੀਤ ਸਿੰਘ ਦਾ ਨਾਂ ਦਸੰਬਰ 2022 ਵਿਚ ਸਰਹਾਲੀ ਪੁਲਿਸ ਥਾਣੇ ’ਤੇ ਹੋਏ ਆਰਪੀਜੀ ਹਮਲੇ ਦੇ ਮਾਮਲੇ ਵਿਚ ਸਾਹਮਣੇ ਆਇਆ ਸੀ। ਦੋਵਾਂ ਕਤਲਾਂ ਤੋਂ ਬਾਅਦ ਪੁਲਿਸ ਨੇ ਆਪਸੀ ਰੰਜਿਸ਼ ਅਤੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਪਹਿਲੂਆਂ ਦੀ ਜਾਂਚ ਸ਼ੁਰੂ ਕੀਤੀ ਸੀ। ਹਾਲਾਂਕਿ ਦੋਵਾਂ ਵਾਰਦਾਤਾਂ ਵਿਚਕਾਰ ਸਿੱਧੇ ਸਬੰਧ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ।
ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲਣ ਦਾ ਵੀ ਹੋਇਆ ਸੀ ਖ਼ੁਲਾਸਾ
ਏ.ਐੱਸ.ਆਈ. ਇਕਬਾਲ ਸਿੰਘ ਦੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਵਿਦੇਸ਼ੀ ਫੋਨ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਨਾਂ ’ਤੇ ਸੋਸ਼ਲ ਮੀਡੀਆ ਉੱਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀਆਂ ਪੋਸਟਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਦਾਅਵਿਆਂ ਦੀ ਸੱਚਾਈ ਪੁਲਿਸ ਜਾਂਚ ਦਾ ਵਿਸ਼ਾ ਬਣੀ ਹੋਈ ਸੀ।
82 ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਚੁੱਕੀ ਸੀ ਪੁਲਿਸ
ਏ.ਐੱਸ.ਆਈ. ਕਤਲਕਾਂਡ ਦੀ ਜਾਂਚ ਦੌਰਾਨ ਤਰਨਤਾਰਨ ਪੁਲਿਸ ਨੇ ਆਸਪਾਸ ਲੱਗੇ ਕਰੀਬ 82 ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਸੀ। ਪੁਲਿਸ ਵਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਦੇ ਨਾਲ ਤਿੰਨ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ। ਮੋਬਾਈਲ ਟਾਵਰ ਡੰਪ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਗਏ ਸਨ।
ਹੁਣ ਜ਼ੀਰਕਪੁਰ ਦੇ ਹੋਟਲ ਕੰਗ ਨੇੜੇ ਅਮਨਦੀਪ ਉਰਫ਼ ਹੈਪੀ ਬਾਮਣ ਦੇ ਕਥਿਤ ਪੁਲਿਸ ਐਨਕਾਊਂਟਰ ਦੀ ਸੂਚਨਾ ਤੋਂ ਬਾਅਦ ਇਹ ਮਾਮਲਾ ਮੁੜ ਚਰਚਾ ਵਿਚ ਆ ਗਿਆ ਹੈ। ਹਾਲਾਂਕਿ ਹੈਪੀ ਬਾਮਣ ਦੀ ਏਐੱਸਆਈ ਇਕਬਾਲ ਸਿੰਘ ਕਤਲਕਾਂਡ ਵਿਚ ਕਥਿਤ ਭੂਮਿਕਾ, ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਅਤੇ ਪੁਲਿਸ ਕਾਰਵਾਈ ਦੇ ਨਤੀਜਿਆਂ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।