ਨਾਭਾ, 5 ਨਵੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਅੱਜ ਦੇਰ ਸ਼ਾਮ ਰਿਹਾਅ ਹੋ ਗਏ ਹਨ। ਜਿਵੇਂ ਹੀ ਇਨ੍ਹਾਂ ਦੋਵੇਂ ਵਿਅਕਤੀਆਂ ਦੇ ਰਿਹਾ ਹੋਣ ਦੇ ਹੁਕਮ ਮਾਨਯੋਗ ਕੋਰਟ ਵਲੋਂ ਭੇਜੇ ਗਏ ਤਾਂ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਲੋਕਾਂ ਦਾ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ।
ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਤੋਂ ਇਲਾਵਾ ਭਾਨਾ ਸਿੱਧੂ, ਕਿਸਾਨ ਆਗੂ ਕਾਕਾ ਕੋਟੜਾ, ਰੀਟੂ ਭਵਾਨੀਗੜ੍ਹ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਨਵਜੋਤ ਕੌਰ ਲੰਬੀ,ਜਥੇਦਾਰ ਲਖਵੀਰ ਸਿੰਘ ਲੌਟ, ਜਰਨੈਲ ਸਿੰਘ ਆਦਿ ਹਾਜ਼ਰ ਸਨ। ਰਿਹਾ ਹੋਣ ਉਪਰੰਤ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੱਖਾ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ ਅਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲਵੇ ਪਰਚੇ ਦਰਜ ਕਰ ਲਵੇ ਪਰ ਅਸੀਂ ਦਬਣ ਵਾਲੇ ਨਹੀਂ।
ਲੱਖਾ ਸਿਧਾਣਾ ਨੇ ਕਿਹਾ ਕਿ ਜੋ ਵੀ ਅੱਜ ਪਰਿਵਾਰ, ਐਕਸ਼ਨ ਕਮੇਟੀ ਅਤੇ ਪੰਜਾਬ ਸਰਕਾਰ ਵਿਚ ਸਮਝੌਤਾ ਹੋਇਆ ਹੈ ਉਸ ਦੀ ਤੱਥਾਂ ਦੇ ਅਧਾਰ ਤੇ ਲੋਕਾਂ ਸਾਹਮਣੇ ਜਾਣਕਾਰੀ ਰੱਖਾਂਗਾ। ਦੱਸਣ ਯੋਗ ਹੈ ਕਿ ਮਾਨਸਾ ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲੇ ਤਹਿਤ ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।