ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 4 ਨਵੰਬਰ (ਕਪਿਲ ਕੰਧਾਰੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਕੁਲਜੀਤ ਕੌਰ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀਡੀਪੀਓ), ਗੁਰੂ ਹਰ ਸਹਾਏ ਨੂੰ ਮੰਗ ਪੱਤਰ ਸੌਂਪ ਕੇ ਆਂਗਣਵਾੜੀ ਸੈਂਟਰਾਂ ਵਿਚ ਮਾਵਾਂ ਅਤੇ ਬੱਚਿਆਂ ਲਈ ਪ੍ਰਾਈਵੇਟ ਕੰਪਨੀਆਂ ਵਲੋਂ ਤਿਆਰ ਕਰਕੇ ਸਪਲਾਈ ਕੀਤੇ ਜਾ ਰਹੇ ਰਾਸ਼ਨ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਸਪਲਾਈ ਕੀਤਾ ਜਾ ਰਿਹਾ ਰਾਸ਼ਨ ਬਹੁਤ ਮਾੜੀ ਗੁਣਵੱਤਾ ਦਾ ਹੈ ਅਤੇ ਖਾਣਯੋਗ ਨਹੀਂ ਜਾਪਦਾ। ਉਨ੍ਹਾਂ ਮੰਗ ਕੀਤੀ ਕਿ ਇਸ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ ਅਤੇ ਜਾਂਚ ਦੀ ਪੂਰੀ ਰਿਪੋਰਟ ਜਥੇਬੰਦੀ ਨੂੰ ਮੁਹੱਈਆ ਕਰਵਾਈ ਜਾਵੇ। ਇਸ ਤੋਂ ਇਲਾਵਾ ਬਲਾਕ ਪੱਧਰ ’ਤੇ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਲਈ ਬਣਾਈ ਗਈ ਕਮੇਟੀ ਵਿਚ ਸ਼ਾਮਲ ਆਂਗਣਵਾੜੀ ਵਰਕਰਾਂ ਦੇ ਨਾਵਾਂ ਦੀ ਜਾਣਕਾਰੀ ਵੀ ਦਿੱਤੀ ਜਾਵੇ।
ਯੂਨੀਅਨ ਨੇ ਇਹ ਵੀ ਮੰਗ ਕੀਤੀ ਕਿ ਜਿਸ ਪਲਾਂਟ ਤੋਂ ਆਂਗਣਵਾੜੀ ਸੈਂਟਰਾਂ ਲਈ ਰਾਸ਼ਨ ਤਿਆਰ ਕਰਕੇ ਸਪਲਾਈ ਕੀਤਾ ਜਾ ਰਿਹਾ ਹੈ, ਉਸ ਪਲਾਂਟ ਦਾ ਪਤਾ ਅਤੇ ਜ਼ਿਲ੍ਹੇ ਵਿਚ ਉਸ ਦੀ ਸਥਿਤੀ ਬਾਰੇ ਜਥੇਬੰਦੀ ਨੂੰ ਜਾਣੂੰ ਕਰਵਾਇਆ ਜਾਵੇ, ਤਾਂ ਜੋ ਰਾਸ਼ਨ ਦੀ ਗੁਣਵੱਤਾ ਸਬੰਧੀ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਹੋ ਸਕੇ। ਆਗੂਆਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਡੀਪੀਓ) ਅਤੇ ਸੀਡੀਪੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਰਾਸ਼ਨ ਸਬੰਧੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਗਈ।
ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਆਂਗਣਵਾੜੀ ਸੈਂਟਰਾਂ ਵਿਚ ਚੰਗੀ ਗੁਣਵੱਤਾ ਵਾਲਾ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਉਹ ਇਹ ਰਾਸ਼ਨ ਸਪਲਾਈ ਨਹੀਂ ਕਰਨਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਕਿਸੇ ਵੀ ਆਂਗਣਵਾੜੀ ਵਰਕਰ ਜਾਂ ਹੈਲਪਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਰਕਲ ਸੁਪਰਵਾਈਜ਼ਰਾਂ ਦੀ ਹੋਵੇਗੀ।