ਮਾਨਸਾ, 3 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜੇਕਰ ਪੰਜਾਬ ਸਰਕਾਰ ਸਾਰੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਪਰਵਿੰਦਰ ਸਿੰਘ ਝੋਟੇ ਦਾ ਸੰਸਕਾਰ ਕਰਨ ਲਈ ਤਿਆਰ ਹਾਂ। ਇਹ ਐਲਾਨ ਐਕਸ਼ਨ ਕਮੇਟੀ ਨੇ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਝੋਟੇ ਦੇ ਪਿਤਾ ਭੀਮ ਸਿੰਘ, ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ ਨੇ ਦੱਸਿਆ ਕਿ ਹਾਲੇ ਤੱਕ ਪੰਜਾਬ ਸਰਕਾਰ ਵਲੋਂ ਮੀਟਿੰਗ ਸੰਬੰਧੀ ਕੋਈ ਪੱਤਰ ਜਾਂ ਸੱਦਾ ਨਹੀਂ ਆਇਆ ਹੈ।
ਉਨ੍ਹਾਂ ਆਖਿਆ ਕਿ ਜੇਕਰ ਮੰਤਰੀਆਂ ਦਾ ਪੈਨਲ 5 ਨਵੰਬਰ ਤੋਂ ਪਹਿਲਾਂ ਪਹੁੰਚਦਾ ਹੈ ਤਾਂ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਓ ਬਾਰੇ ਮੁੜ ਵਿਚਾਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਵਲੋਂ ਮੰਗਾਂ ’ਚ ਵਾਧਾ ਕਰ ਕੇ ਦਲਜੀਤ ਸਿੰਘ ਭੰਮੇ ਕਲਾਂ ਦੇ ਪਰਿਵਾਰ ਨੂੰ ਮੁਆਵਜਾ ਅਤੇ ਸਰਕਾਰੀ ਨੌਕਰੀ ਦੇਣ ਦੇ ਨਾਲ ਹੀ ਹਿਰਾਸਤ ’ਚ ਲਏ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਸਪਸ਼ਟ ਕਿਹਾ ਕਿ 13 ਅਕਤੂਬਰ ਤੋਂ ਹੁਣ ਤੱਕ ਦਰਜ ਕੀਤੇ ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਤੋਂ ਬਾਅਦ ਹੀ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ।