ਚੋਗਾਵਾਂ (ਅੰਮ੍ਰਿਤਸਰ), 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਬੱਚੀਵਿੰਡ ਵਿਖੇ ਪੰਜ ਕਨਾਲਾਂ ਜਗ੍ਹਾਂ (ਜੋ ਕਿ ਛੱਪੜ ਵਿਚ ਮਿਲ ਗਈ ਸੀ) ਦੀ ਨਿਸ਼ਾਨਦੇਹੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਲ ਮਹਿਕਮੇ ਅਤੇ ਪੁਲਿਸ ਟੀਮ ਦੇ ਮੌਕੇ 'ਤੇ ਨਾ ਪੁੱਜਣ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਥਾਣਾ ਲੋਪੋਕੇ ਵਿਖੇ ਵਿਸ਼ਾਲ ਧਰਨਾ ਲਗਾਇਆ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ, ਮੇਜਰ ਸਿੰਘ ਕੜਿਆਲ ਨੇ ਕਿਹਾ ਕਿ ਪਿੰਡ ਬੱਚੀਵਿੰਡ ਦੇ ਤੇਜਬੀਰ ਸਿੰਘ, ਬਾਜ ਸਿੰਘ, ਮੰਗਲ ਸਿੰਘ, ਅਜੀਤ ਸਿੰਘ, ਸੱਜਣ ਸਿੰਘ, ਮੱਖਣ ਸਿੰਘ, ਪ੍ਰਧਾਨ ਹਰਜਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਦੀ ਪਿਤਾ ਪੁਰਖੀ ਨੰਬਰੀ ਜਗ੍ਹਾਂ ਛੱਪੜ ਵਿਚ ਰਲੀ ਹੋਈ ਹੈ। ਡਿਪਟੀ ਕਮਿਸ਼ਨਰ (ਡੀ.ਸੀ.) ਅੰਮ੍ਰਿਤਸਰ ਅਤੇ ਹੋਰ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਅੱਜ ਮਾਲ ਮਹਿਕਮੇ ਦੀ ਟੀਮ ਨੇ ਇਸ ਜਗ੍ਹਾਂ ਦੀ ਨਿਸ਼ਾਨਦੇਹੀ ਲਈ ਪਹੁੰਚਣਾ ਸੀ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਲਈ ਪੁਲਿਸ ਨੂੰ ਪਹਿਲਾਂ ਹੀ ਲਿਖਤੀ ਇਤਲਾਹ ਦਿੱਤੀ ਗਈ ਸੀ ਅਤੇ ਕਿਸਾਨਾਂ ਵਲੋਂ 15,000 ਰੁਪਏ ਕਿਰਾਇਆ ਤਾਰ ਕੇ ਵਿਸ਼ੇਸ਼ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਸਨ। ਪਰ ਪੁਲਿਸ ਪ੍ਰਸ਼ਾਸਨ ਨੇ ਐਨ ਮੌਕੇ 'ਤੇ "ਫੋਰਸ ਨਾ ਹੋਣ" ਦਾ ਬਹਾਨਾ ਬਣਾ ਕੇ ਆਉਣ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਡੀ.ਸੀ. ਅਤੇ ਐਸ.ਐਸ.ਪੀ ਵਲੋਂ ਸਪੱਸ਼ਟ ਹਦਾਇਤਾਂ ਹੋਣ ਦੇ ਬਾਵਜੂਦ, ਪੁਲਿਸ ਸਿਆਸੀ ਸ਼ਹਿ ਅਤੇ ਦਬਾਅ ਹੇਠ ਆ ਕੇ ਬਹਾਨੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨਦੇਹੀ ਦਾ ਸਮਾਂ ਤੈਅ ਹੋਇਆ ਸੀ, ਪਰ ਉਦੋਂ ਵੀ ਪੁਲਿਸ ਮੌਕੇ 'ਤੇ ਨਹੀਂ ਬਹੁੜੀ। ਛੀਨਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਦਾ ਇਹੀ ਰਵੱਈਆ ਰਿਹਾ ਤਾਂ ਉਹ ਰੋਡ ਜਾਮ (ਚੱਕਾ ਜਾਮ) ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
ਜਦੋਂ ਇਸ ਸਬੰਧੀ ਥਾਣਾ ਲੋਪੋਕੇ ਦੇ ਐਸ.ਐਚ.ਓ. ਜਸਦੀਪ ਸਿੰਘ ਨੇ ਕਿਹਾ ਕਿ ਇਸ ਨਿਸ਼ਾਨਦੇਹੀ ਸਬੰਧੀ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵਲੋਂ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਹਦਾਇਤ ਜਾਰੀ ਨਹੀਂ ਹੋਈ ਸੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਉੱਚ ਅਧਿਕਾਰੀਆਂ ਵਲੋਂ ਹਦਾਇਤਾਂ ਮਿਲਣਗੀਆਂ, ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਕੇ ਨਿਸ਼ਾਨਦੇਹੀ ਦੀ ਪ੍ਰਕਿਰਿਆ ਨੂੰ ਅਮਨ-ਅਮਾਨ ਨਾਲ ਨੇਪਰੇ ਚੜ੍ਹਵਾਏਗਾ।