ਲੁਧਿਆਣਾ, 9 ਅਕਤੂਬਰ- ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਜੀਵਨ ਸਿੰਘ ਨਗਰ ਇਲਾਕੇ ਵਿਚ ਚੱਲ ਰਹੇ ਇਕ ਕਲੀਨਿਕ ’ਤੇ ਸਿਹਤ ਵਿਭਾਗ ਦੀ ਟੀਮ ਨੇ ਸਿਵਲ ਸਰਜਨ ਦੇ ਨਿਰਦੇਸ਼ਾਂ ਹੇਠ ਅਚਾਨਕ ਛਾਪੇਮਾਰੀ ਕੀਤੀ। ਸਿਵਲ ਸਰਜਨ ਦਫ਼ਤਰ ਨੂੰ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੇ ਕਲੀਨਿਕ ਵਿਚੋਂ 3 ਕਿਸਮਾਂ ਦੀਆਂ ਦਵਾਈਆਂ ਦੇ ਸੈਂਪਲ ਲਏ, ਜਦਕਿ 10 ਕਿਸਮਾਂ ਦੀਆਂ ਹੋਰ ਦਵਾਈਆਂ ਜ਼ਬਤ ਕਰ ਲਈਆਂ। ਜਾਂਚ ਦੌਰਾਨ ਕਲੀਨਿਕ ਸੰਚਾਲਕ ਦਵਾਈਆਂ ਦੀ ਖ਼ਰੀਦ ਸਬੰਧੀ ਬਿੱਲ ਪੇਸ਼ ਨਹੀਂ ਕਰ ਸਕਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਂਚ ਵਿਚ ਸ਼ਾਮਲ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਵਿਚ ਪ੍ਰਾਪਤ ਹੋਈ ਲਿਖਤੀ ਸ਼ਿਕਾਇਤ ਤੋਂ ਬਾਅਦ ਡਾਕਟਰਾਂ ਅਤੇ ਹੋਰ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ਨੇ ਕਲੀਨਿਕ ਦੀ ਸਾਂਝੇ ਤੌਰ ’ਤੇ ਜਾਂਚ ਕੀਤੀ। ਜਾਂਚ ਦੌਰਾਨ ਦਵਾਈਆਂ ਦੇ ਸੈਂਪਲ ਲੈਣ ਦੇ ਨਾਲ-ਨਾਲ ਬਿੱਲ ਪੇਸ਼ ਨਾ ਕੀਤੇ ਜਾਣ ਕਾਰਨ ਹੋਰ ਦਵਾਈਆਂ ਨੂੰ ਵੀ ਕਬਜ਼ੇ ਵਿਚ ਲਿਆ ਗਿਆ।
ਮੈਡੀਕਲ ਅਫ਼ਸਰ ਅਨੁਸਾਰ ਦਵਾਈਆਂ ਦੇ ਸੈਂਪਲ ਜਾਂਚ ਅਤੇ ਲੈਬ ਟੈਸਟਿੰਗ ਲਈ ਖਰੜ ਭੇਜੇ ਜਾਣਗੇ। ਲੈਬ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਾਂਚ ਟੀਮ ਨੇ ਕਲੀਨਿਕ ਸੰਚਾਲਕ ਦੀ ਡਿਗਰੀ ਦੀ ਕਾਪੀ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਹ ਕਲੀਨਿਕ ਨਰੇਸ਼ ਕੁਮਾਰ ਵਲੋਂ ਚਲਾਇਆ ਜਾ ਰਿਹਾ ਸੀ।
ਦੂਜੇ ਪਾਸੇ ਕਲੀਨਿਕ ਸੰਚਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਇਹ ਕਲੀਨਿਕ ਉਸ ਦੇ ਪਿਤਾ ਚਲਾਉਂਦੇ ਸਨ ਅਤੇ ਹੁਣ ਉਹ ਇਸ ਨੂੰ ਸੰਭਾਲ ਰਿਹਾ ਹੈ। ਉਸ ਨੇ ਦੱਸਿਆ ਕਿ ਪਲੱਸ ਟੂ ਤੋਂ ਬਾਅਦ ਉਸ ਨੇ ਮੈਡੀਕਲ ਡਿਪਲੋਮਾ ਕੀਤਾ ਹੋਇਆ ਹੈ ਅਤੇ ਉਹ ਅੱਗੇ ਵੀ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਡਿਗਰੀ ਕਰਨ ਦੀ ਤਿਆਰੀ ਕਰ ਰਿਹਾ ਹੈ।
ਨਰੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਕਲੀਨਿਕ ਵਿਚ ਸਿਰਫ਼ ਮੁੱਢਲੀ ਸਹਾਇਤਾ (ਫ਼ਰਸਟ ਏਡ) ਹੀ ਦਿੰਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਗੰਭੀਰ ਇਲਾਜ ਦੀ ਲੋੜ ਹੁੰਦੀ ਹੈ ਤਾਂ ਉਹ ਉਸ ਨੂੰ ਵੱਡੇ ਹਸਪਤਾਲ ਵਿਚ ਰੈਫ਼ਰ ਕਰ ਦਿੰਦਾ ਹੈ। ਉਸ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਜਾਂਚ ਲਈ ਆਈ ਸੀ ਅਤੇ ਦਵਾਈਆਂ ਦੇ ਦੋ-ਤਿੰਨ ਸੈਂਪਲ ਲੈ ਕੇ ਗਈ ਹੈ। ਫਿਲਹਾਲ ਸਿਹਤ ਵਿਭਾਗ ਵਲੋਂ ਦਵਾਈਆਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਵਿਚ ਅਗਲੀ ਕਾਰਵਾਈ ਬਾਰੇ ਸਥਿਤੀ ਸਪੱਸ਼ਟ ਹੋਵੇਗੀ।