ਨਵੀਂ ਦਿੱਲੀ, 9 ਅਕਤੂਬਰ- ਦਿੱਲੀ ਪੁਲਿਸ ਨੇ ਅੱਜ ਰਾਤ 9 ਵਜੇ ਤੋਂ ਕੱਲ੍ਹ ਤੱਕ 57 ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖਿਆ ਹੈ। ਪੁਲਿਸ ਵਲੋਂ ਸੰਭਾਵਿਤ ਪ੍ਰਦਰਸ਼ਨਾਂ ਅਤੇ ਬੇਕਾਬੂ ਭੀੜ ਦੀ ਆਵਾਜਾਈ ਦੇ ਖਦਸ਼ੇ ਦੇ ਮੱਦੇਨਜ਼ਰ ਇਹ ਪ੍ਰਸਤਾਵ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਅਧਿਕਾਰੀਆਂ ਨੂੰ ਭੇਜਿਆ ਹੈ ਹਾਲਾਂਕਿ ਕਾਰਪੋਰੇਸ਼ਨ ਤੋਂ ਅੰਤਿਮ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਿਹਾ ਕਿ ਇਨ੍ਹਾਂ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਹਾਲਾਂਕਿ, ਯਾਤਰੀਆਂ ਨੂੰ ਇੰਟਰਚੇਂਜ ਸਹੂਲਤਾਂ ਦਾ ਲਾਭ ਲੈਣ ਦੀ ਆਗਿਆ ਹੋਵੇਗੀ। ਇਸਦਾ ਮਤਲਬ ਹੈ ਕਿ ਯਾਤਰੀ ਇਕ ਲਾਈਨ ਤੋਂ ਦੂਜੀ ਲਾਈਨ ਵਿਚ ਬਦਲ ਸਕਣਗੇ। ਪਰ ਉਹ ਸਟੇਸ਼ਨ ਤੋਂ ਬਾਹਰ ਨਹੀਂ ਨਿਕਲ ਸਕਣਗੇ। ਨਾਲ ਹੀ ਉਹ ਇਨ੍ਹਾਂ ਸਟੇਸ਼ਨਾਂ ਵਿਚ ਦਾਖਲ ਨਹੀਂ ਹੋ ਸਕਣਗੇ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।