ਬੱਲੂਆਣਾ, (ਬਠਿੰਡਾ), 9 ਅਕਤੂਬਰ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਵਿਰਕ ਕਲਾਂ ਤੋਂ 10 ਸਾਲ ਪਹਿਲਾਂ ਬਠਿੰਡਾ ਤੋਂ ਦਿੱਲੀ ਯਾਤਰੀ ਉਡਾਣ ਸ਼ੁਰੂ ਹੋਈ ਸੀ,ਪਰ ਕਰੋਨਾ ਕਾਲ ਦੌਰਾਨ ਢਾਈ ਸਾਲ ਉਡਾਣਾਂ ਬੰਦ ਰਹੀਆਂ ਸਨ। ਸਾਲ 2023 ਤੋਂ ਮੁੜ ਅਲਾਇੰਸ ਏਅਰ ਕੰਪਨੀ ਵਲੋਂ ਬਠਿੰਡਾ ਤੋਂ ਦਿੱਲੀ ਹਵਾਈ ਉਡਾਣ ਸ਼ੁਰੂ ਕੀਤੀ ਗਈ ਸੀ, ਪਰ ਤਿੰਨ ਸਾਲਾਂ ਬਾਅਦ ਮੁਕੰਮਲ ਤੌਰ ’ਤੇ ਅਲਾਇੰਸ ਏਅਰ ਕੰਪਨੀ ਨੇ ਉਡਾਣਾਂ ਬੰਦ ਕਰਨ ਦਾ ਪੱਤਰ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਅਲਾਇੰਸ ਏਅਰ ਕੰਪਨੀ ਨੇ ਆਪਣਾ ਅਮਲਾ ਵਾਪਸ ਬੁਲਾ ਲਿਆ ਹੈ । ਜਿਸ ਕਰਕੇ ਵਿਰਕ ਕਲਾਂ ਦਾ ਸਿਵਲ ਏਅਰਪੋਰਟ ਵੀਰਾਨ ਹੋ ਗਿਆ ਹੈ। ਅਲਾਇੰਸ ਏਅਰ ਦੇ ਕਰਮਚਾਰੀਆਂ ਦੀਆਂ ਬਦਲੀਆਂ ਵੀ ਦੂਰ ਦੁਰਾਡੇ ਕੀਤੀਆਂ ਜਾਣਗੀਆਂ, ਜਦੋਂ ਕਿ ਉਹ ਕਰਮਚਾਰੀ ਵਿਰਕ ਕਲਾਂ ਤੇ ਆਸ ਪਾਸ ਪਿੰਡਾਂ ਦੇ ਸਨ।
ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਜੋ ਸਿਵਲ ਏਅਰਪੋਰਟ ਵਿਰਕ ਕਲਾਂ ਐਡਵਾਈਜਰੀ ਕਮੇਟੀ ਦੀ ਚੇਅਰਪਰਸ਼ਨ ਵੀ ਹਨ, ਨੇ ਪਾਰਲੀਮੈਂਟ ਇਜਲਾਸ ਜੋ 12 ਮਾਰਚ 2026 ਨੂੰ ਹੋਇਆ ਸੀ। ਇਜਲਾਸ ਦੌਰਾਨ ਉਨ੍ਹਾਂ ਕੇਂਦਰੀ ਨਾਗਰਿਕ ਸ਼ਹਿਰੀ ਹਵਾਬਾਜੀ ਮੰਤਰੀ ਨਾਇਡੂ ਨੂੰ ਬੇਨਤੀ ਕੀਤੀ ਸੀ ਕਿ ਸਿਵਲ ਏਅਰਪੋਰਟ ਵਿਰਕ ਕਲਾਂ ਦੀਆਂ ਸੇਵਾਵਾਂ ਦੀ ਖੇਤਰੀ ਸੰਪਰਕ ਸਕੀਮ (ਆਰਸੀਐਸ) ਦੀ ਮਿਆਦ ਵਿਚ ਵਾਧਾ ਕਰਵਾਇਆ ਜਾਵੇ ਤਾਂ ਕਿ ਇਹ ਉਡਾਣਾਂ ਬਰਕਰਾਰ ਰਹਿਣ।
ਵਿਰਕ ਕਲਾਂ ਸਿਵਲ ਏਅਰਪੋਰਟ ਇਕੋ ਇਕ ਏਅਰਪੋਰਟ ਹੈ, ਜਿੱਥੋਂ ਫਿਰੋਜ਼ਪੁਰ ਪਟਿਆਲਾ ਇਥੋਂ ਤੱਕ ਕਿ ਹਰਿਆਣਾ, ਰਾਜਸਥਾਨ ਤੋਂ ਵੀ ਯਾਤਰੀ ਬਠਿੰਡਾ ਤੋਂ ਦਿੱਲੀ ਹਵਾਈ ਸਫ਼ਰ ਲਈ ਆਉਂਦੇ ਸਨ। ਏਅਰਪੋਰਟ ਅਥਾਰਟੀ ਵਲੋਂ ਦੇਸ਼ ਦਾ ਆਮ ਨਾਗਰਿਕ (ਉਡਾਣ ) ਤਹਿਤ ਸਿਵਲ ਏਅਰਪੋਰਟ ਵਿਰਕ ਕਲਾਂ 2016 ਤੋਂ ਦਿੱਲੀ ਫਲਾਈਟ ਸਰਵਿਸ ਸ਼ੁਰੂ ਕੀਤੀ ਗਈ ਸੀ, ਜਿਸ ਦਾ ਸੰਚਾਲਨ ਅਲਾਇੰਸ ਏਅਰ ਵਲੋਂ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਵਲੋਂ ਵਾਇਬਲਟੀ ਗੈਪ ਫੰਡਿੰਗ (ਵੀਜੀਐਫ) ਦੇ ਤੌਰ ’ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਕਿਰਾਇਆ ਘੱਟ ਹੋਣ ਕਰਕੇ ਅਲਾਇੰਸ ਏਅਰ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਵੀ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਏਅਰਪੋਰਟ ਅਪਰੇਟਰ ਮਿਲ ਕੇ ਸਬਸਿਡੀ ਦੇ ਤੌਰ ’ਤੇ ਕਰਦੇ ਸਨ । ਕੇਂਦਰ ਵਲੋਂ ਅਲਾਇੰਸ ਏਅਰ ਨੂੰ ਸਬਸਿਡੀ ਸਮੇਂ ਸਿਰ ਜਾਰੀ ਨਹੀਂ ਕੀਤੀ ਜਾ ਰਹੀ ਸੀ। ਜਦੋਂ ਕਿ ਇਸ ਸਮੇਂ ਦੌਰਾਨ ਹਵਾਈ ਯਾਤਰੀ ਵਧੇ ਸਨ ਤਾਂ ਏਅਰ ਕ੍ਰਾਫਟ ਹੀ ਨਹੀਂ ਦਿੱਤਾ ਜਾ ਰਿਹਾ ਸੀ । ਬਠਿੰਡਾ ਤੋਂ ਲਗਭਗ 23 ਕਿਲੋਮੀਟਰ ਦੂਰ ਪਿੰਡ ਵਿਰਕ ਕਲਾਂ ’ਚ ਅੰਦਾਜ਼ਨ 25 ਕਰੋੜ ਦੀ ਲਾਗਤ ਨਾਲ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ 11 ਦਸੰਬਰ 2016 ਨੂੰ ਹਵਾਈ ਸੇਵਾ ਸ਼ੁਰੂ ਹੋਈ ਸੀ, ਦਿੱਲੀ ਲਈ ਪਹਿਲੀ ਫਲਾਈਟ ਨੂੰ ਉਸ ਸਮੇਂ ਦੇ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਪਿਛਲੇ ਦਿਨੀਂ ਭਾਜਪਾ ਵਲੋਂ ਪੰਜਾਬ ਨਸ਼ਾ ਵਿਰੋਧੀ ਯਾਤਰਾ ਦੇ ਸੰਬੰਧ ’ਚ ਸਿਵਲ ਏਅਰਪੋਰਟ ਵਿਰਕ ਕਲਾਂ ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸਿਵਲ ਏਅਰਪੋਰਟ ਵਿਰਕ ਕਲਾਂ ਦਿੱਲੀ ਤੋਂ ਆਏ ਸਨ ਤਾਂ ਸਿਵਲ ਏਅਰਪੋਰਟ ਐਡਵਾਈਜ਼ਰੀ ਕਮੇਟੀ ਅਤੇ ਏਅਰ ਟਰੈਵਲਸ ਵੈਲਫੇਅਰ ਕਮੇਟੀ ਰਜਿ. ਦੇ ਪ੍ਰਧਾਨ ਸ਼ਕਤੀ ਮਿੱਤਲ ਸਟੈਲਾ ਹੋਟਲ ਬਠਿੰਡਾ,ਡਾ. ਗੁਰਚਰਨ ਸਿੰਘ ਵਿਰਕ ਕਲਾਂ ਮੈਂਬਰ ਐਡਵਾਈਜਰੀ ਕਮੇਟੀ,ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਵਿਰਕ ਕਲਾਂ ਨੇ ਆਪਣੇ ਹਲਕੇ ਦੀਆਂ ਪੰਚਾਇਤਾਂ ਵਲੋਂ ਅਤੇ ਬਠਿੰਡਾ ਬੀ.ਜੇ.ਪੀ. ਦੇ ਸਰਗਰਮ ਵਰਕਰਾਂ ਵਲੋਂ ਵੀ ਦਰਖਾਸਤ ਤੇ ਦਸਤਖਤ ਕਰਕੇ ਅਪੀਲ ਕੀਤੀ ਗਈ ਸੀ ਕਿ ਇਸ ਏਅਰਪੋਰਟ ਤੋਂ ਉਡਾਣਾਂ ਬੰਦ ਨਾਂ ਕੀਤੀਆਂ ਜਾਣ ।
ਇਸ ਸੰਬੰਧੀ ਸਿਵਲ ਏਅਰਪੋਰਟ ਵਿਰਕ ਕਲਾਂ ਦੇ ਐਡਵਾਈਜ਼ਰੀ ਕਮੇਟੀ ਮੈਂਬਰ ਡਾ. ਗੁਰਚਰਨ ਸਿੰਘ ਵਿਰਕ ਕਲਾਂ ਨੇ ਦੱਸਿਆ ਕਿ ਜਿਉਂ ਹੀ ਬੀਤੇ ਕੱਲ੍ਹ ਅਲਾਇੰਸ ਏਅਰ ਕੰਪਨੀ ਵਲੋਂ ਵਿਰਕ ਕਲਾਂ ਸਿਵਲ ਏਅਰਪੋਰਟ ਤੋਂ ਹਵਾਈ ਉਡਾਨਾਂ ਮੁਕੰਮਲ ਤੌਰ ਤੇ ਬੰਦ ਕਰਨ ਲਈ ਸਿਵਲ ਏਅਰਪੋਰਟ ਦੇ ਅਧਿਕਾਰੀਆਂ ਨੂੰ ਚਿੱਠੀ ਆਈ ਤਾਂ ਅਲਾਇੰਸ ਏਅਰ ਕੰਪਨੀ ਦੇ ਅਮਲੇ ਨੇ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਵਾਪਸ ਰਵਾਨਾ ਹੋ ਗਿਆ। ਡਾ. ਵਿਰਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਘਰ ਵਿਖੇ ਅਲਾਇੰਸ ਏਅਰ ਕੰਪਨੀ ਦੇ ਅਮਲੇ ਭਰੇ ਮਨ ਨਾਲ ਰਾਤ ਦਾ ਭੋਜਨ ਕਰਵਾਇਆ ਗਿਆ ਤੇ ਵਿਦਾਇਗੀ ਦਿੱਤੀ ਗਈ । ਅਲਾਇੰਸ ਏਅਰ ਕੰਪਨੀ ਦੀਆਂ ਉਡਾਣਾਂ ਬੰਦ ਹੋਣ ਨਾਲ ਹਵਾਈ ਅੱਡੇ ’ਤੇ ਸੁੰਨ ਪਸਰ ਗਈ ਹੈ ਅਤੇ ਬੇ -ਰੌਣਕਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਲਾਇੰਸ ਏਅਰ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਨਾਲ ਨਾਲ ਕੰਪਨੀ ਦਾ ਸਾਜੋ ਸਮਾਨ ਵੀ ਵਾਪਸ ਮੰਗਾ ਲਿਆ ਹੈ। ਇਸ ਸੰਬੰਧੀ ਉਹ ਬੀਤੇ ਕੱਲ੍ਹ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦਫਤਰ ਵਿਚ ਉਨ੍ਹਾਂ ਦੇ ਪੀ.ਏ. ਰਾਜਦੀਪ ਸਿੰਘ ਨੂੰ ਇਸ ਸੰਬੰਧੀ ਮਿਲੇ ਤਾਂ ਉਨ੍ਹਾਂ 12 ਅਕਤੂਬਰ ਨੂੰ ਬਾਦਲ ਪਿੰਡ ’ਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਹਵਾਈ ਅੱਡਾ ਬੰਦ ਹੋਣ ਦੀ ਖਬਰ ਮਿਲਣ ਤੋਂ ਬਾਅਦ ਵਿਰਕ ਕਲਾਂ ਦੇ ਡੇਰਾ ਬਾਬਾ ਮਸਤ ਰਾਮ ਜੀ ਦੇ ਪਿੰਡ ਦੀ ਪੰਚਾਇਤ ਅਤੇ ਮੋਹਤਵਰ ਇਕੱਠੇ ਹੋਏ ,ਜਿੰਨਾਂ ਨੇ ਅਗਲੇ ਦਿਨਾਂ ਵਿਚ ਹਰਸਿਮਰਤ ਕੌਰ ਬਾਦਲ ਨੂੰ ਮਿਲਣ ਜਾਣਾ ਹੈ।