ਤਰਨਤਾਰਨ (ਮੀਆਂਵਿੰਡ), 6 ਅਕਤੂਬਰ (ਗੁਰਪ੍ਰਤਾਪ ਸਿੰਘ ਸੰਧੂ))- ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਮੌਤ ਅਫਸੋਸ ਪ੍ਰਗਟ ਕਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਭਲਾਈਪੁਰ ਵਿਖੇ ਉਨ੍ਹਾਂ ਦੇ ਗ੍ਰਹਿ ਪਹੁੰਚੇ ਜਿੱਥੇ ਉਨ੍ਹਾਂ ਜਥੇਦਾਰ ਅਮਰਜੀਤ ਸਿੰਘ ਦੇ ਪੁੱਤਰ ਫ਼ਕੀਰ ਸਿੰਘ ਸੋਨਾ, ਜਥੇਦਾਰ ਦੀ ਧਰਮਪਤਨੀ ਜਸਬੀਰ ਕੌਰ, ਉਨ੍ਹਾਂ ਦੇ ਭਰਾ ਹਰਜੀਤ ਸਿੰਘ, ਨੂੰਹ ਪ੍ਰਿੰਸੀਪਲ ਪਵਨਦੀਪ ਕੌਰ, ਭੈਣ ਕਸ਼ਮੀਰ ਕੌਰ, ਪੋਤਰੇ ਅੰਗਦ ਪੰਨੂ ਅਤੇ ਉੱਥੇ ਮੌਜ਼ੂਦ ਭਲਾਈਪੁਰ ਦੇ ਨੇੜਲੇ ਸਾਥੀਆਂ ਜਿੰਨ੍ਹਾਂ ਵਿਚ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਰਕਲ ਪ੍ਰਧਾਨ ਰਜਿੰਦਰ ਸਿੰਘ ਬਿੱਲਾ ਵੈਰੋਵਾਲ਼, ਜਰਨਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ ਆਦਿ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਥੰਮ੍ਹ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉੱਥੇ ਹੀ ਸ਼੍ਰਮੋਣੀ ਅਕਾਲੀ ਦਲ (ਬ) ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਕਿਹਾ ਕਿ ਜਥੇਦਾਰ ਭਲਾਈਪੁਰ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਅਕਾਲੀ ਦਲ ਦੇ ਥੰਮ੍ਹ ਸਨ।