ਚੋਗਾਵਾਂ/ਅੰਮ੍ਰਿਤਸਰ, 6 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਬਹੁਤ ਚਰਚਿਤ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਇਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਇਕ ਬਜ਼ੁਰਗ ਵਿਅਕਤੀ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਅਤਿ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬਜ਼ੁਰਗ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਵਿਖੇ ਰੈਫ਼ਰ ਕੀਤਾ ਗਿਆ ਹੈ।
ਇਸ ਸਬੰਧੀ ਪਿੰਡ ਚੱਕ ਮਿਸ਼ਰੀ ਖਾਂ ਦੇ ਗੁਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਵਿਚ ਉਨ੍ਹਾਂ ਦਾ ਇਕ 2 ਮਰਲੇ ਦਾ ਪਲਾਟ ਹੈ। ਇਸ ਪਲਾਟ ਉੱਪਰ ਪਿੰਡ ਦੇ ਹੀ ਸਤਨਾਮ ਸਿੰਘ, ਬੇਅੰਤ ਸਿੰਘ, ਸੁਖਵੰਤ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ, ਰੇਸ਼ਮ ਸਿੰਘ, ਜਗਦੀਸ਼ ਸਿੰਘ ਮੈਂਬਰ ਅਤੇ ਸਾਹਿਬ ਸਿੰਘ ਪੁੱਤਰ ਸੁਖਦੇਵ ਸਿੰਘ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਉਕਤ ਵਿਅਕਤੀਆਂ ਵਲੋਂ ਥਾਣਾ ਲੋਪੋਕੇ ਦੇ ਮੁਖੀ ਜਗਦੀਸ਼ ਸਿੰਘ ਦੀ ਮੌਜੂਦਗੀ ਵਿਚ ਪਲਾਟ ਦੇ ਅੰਦਰ ਕੰਧ ਕਰਕੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਨੇ ਕੰਧ ਕਰਨ ਤੋਂ ਰੋਕਿਆ, ਤਾਂ ਥਾਣਾ ਮੁਖੀ ਲੋਪੋਕੇ ਅਤੇ ਉਕਤ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਕਥਿਤ ਤੌਰ 'ਤੇ ਮਾੜਾ ਚੰਗਾ ਬੋਲਿਆ। ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਪਿਤਾ ਪ੍ਰੇਮ ਸਿੰਘ ਨੇ ਮੌਕੇ 'ਤੇ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ। ਹਾਲਤ ਵਿਗੜਦੀ ਦੇਖ ਪਿੰਡ ਦੇ ਹੀ ਇਕ ਵਿਅਕਤੀ ਨੇ ਆਪਣੀ ਗੱਡੀ ਵਿਚ ਪਾ ਕੇ ਪ੍ਰੇਮ ਸਿੰਘ ਨੂੰ ਤੁਰੰਤ ਲੋਪੋਕੇ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਬਜ਼ੁਰਗ ਦੀ ਹਾਲਤ ਅਤਿ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ, ਜਿੱਥੇ ਉਹ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਦੇ ਪਿਤਾ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਲਈ ਮਜ਼ਬੂਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਵਿਰੋਧੀ ਧਿਰ ਦੇ ਜਗਦੀਸ਼ ਸਿੰਘ ਮੈਂਬਰ, ਰੇਸ਼ਮ ਸਿੰਘ ਤੇ ਹੋਰਨਾਂ ਨੇ ਉਕਤ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਨਕਾਰਦਿਆਂ ਕਿਹਾ ਕਿ ਤੇ ਦੋਵਾਂ ਭਰਾਵਾਂ ਦੇ ਪਲਾਟ ਦਾ ਮਸਲਾ ਸੀ। ਜਿਸ ਦਾ 50 ਹਜ਼ਾਰ ਰੁਪਏ ਵਿਚ ਲਿਖਤੀ ਰਾਜੀਨਾਮਾ ਵੀ ਹੋਇਆ ਸੀ। ਪਰਿਵਾਰ ਪੈਸੇ ਵੀ ਦੇਣ ਨੂੰ ਤਿਆਰ ਸੀ। ਹੁਣ ਵੀ ਪੈਸੇ ਦੇ ਰਿਹਾ ਸੀ। ਪਰ ਪਿੰਡ ਦੇ ਸਾਬਕਾ ਸਰਪੰਚ ਰਿੰਕੂ ਨੇ ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ। ਅੱਜ ਪਰਿਵਾਰ ਉਕਤ ਪਲਾਟ ਵਿਚ ਕੰਧਾਂ ਕਰ ਰਿਹਾ ਸੀ ਤਾਂ ਰਿੰਕੂ ਨੇ ਆ ਕੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ।
ਉੱਥੇ ਝਗੜਾ ਹੋਣ ਦੇ ਅਸਾਰ ਸਨ ਤੇ ਪਰਿਵਾਰ ਨੇ ਪਿੰਡ ਦੇ ਮੈਂਬਰ ਹੋਣ ਦੇ ਨਾਤੇ ਸਾਡੇ ਧਿਆਨ ਵਿਚ ਇਹ ਮਸਲਾ ਲਿਆਂਦਾ। ਅਸੀਂ ਉੱਥੇ ਗਏ ਤੇ ਥਾਣਾ ਲੋਪੋਕੇ ਦੀ ਪੁਲਿਸ ਨੂੰ ਬੁਲਾ ਲਿਆ ਤਾਂ ਜੋ ਝਗੜਾ ਨਾ ਹੋਵੇ। ਪਰਿਵਾਰ ਨੇ ਆਪਣੇ ਸਾਰੇ ਕਾਗਜਾਦ ਪੁਲਿਸ ਨੂੰ ਵਿਖਾਏ। ਪਰ ਰਿੰਕੂ ਦਾ ਧੜਾ ਕੋਈ ਕਾਗਜ਼ ਨਾ ਵਿਖਾ ਸਕਿਆ। ਪ੍ਰੇਮ ਸਿੰਘ ਨੇ ਰਿੰਕੂ ਦੀ ਸ਼ਹਿ ਤੇ ਜ਼ਹਿਰੀਲੀ ਦਵਾਈ ਪੀਤੀ।
ਜੇਕਰ ਪ੍ਰੇਮ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਰਿੰਕੂ ਹੋਵੇਗਾ। ਇਸ ਸਬੰਧੀ ਥਾਣਾ ਲੋਪੋਕੇ ਦੇ ਮੁਖੀ ਜਸਦੀਪ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦਾ ਉਕਤ ਪਲਾਟ ਨੂੰ ਲੈ ਕੇ ਰਾਜ਼ੀਨਾਮਾ ਹੋਇਆ ਸੀ। ਅੱਜ ਉੱਥੇ ਝਗੜਾ ਹੋਣ ਦਾ ਖਤਰਾ ਸੀ ਤੇ ਸਾਨੂੰ ਇਤਲਾਹ ਮਿਲੀ ਤੇ ਅਸੀਂ ਮੌਕੇ ਪੁਲਿਸ ਪਾਰਟੀ ਨਾਲ ਪਹੁੰਚੇ। ਦੋਵਾਂ ਧਿਰਾਂ ਨੂੰ ਸਮਝਾਇਆ। ਅਸੀਂ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ।