04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦਾਣਾ ਮੰਡੀ ਅਜਨਾਲਾ 'ਚ 1509 ਤੇ 1692 ਬਾਸਮਤੀ ਦੀ ਆਮਦ ਸ਼ੁਰੂ, 3921 ਰੁਪਏ ਪ੍ਰਤੀ ਕੁਇੰਟਲ ਤੱਕ ਮਿਲਿਆ ਭਾਅ

ਅਜਨਾਲਾ (ਅੰਮ੍ਰਿਤਸਰ), 4 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ ਦੀ ਪ੍ਰਮੁੱਖ ਦਾਣਾ ਮੰਡੀ ਅਜਨਾਲਾ ਵਿਚ 1509 ਅਤੇ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਅਜਨਾਲਾ (ਅੰਮ੍ਰਿਤਸਰ), 4 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ ਦੀ ਪ੍ਰਮੁੱਖ ਦਾਣਾ ਮੰਡੀ ਅਜਨਾਲਾ ਵਿਚ 1509 ਅਤੇ 1692 ਅਗੇਤੀ ਬਾਸਮਤੀ ਦੀ ਆਮਦ ਸ਼ੁਰੂ ਹੋਣ ਨਾਲ ਮੰਡੀ ਵਿਚ ਰੌਣਕਾਂ ਪਰਤ ਆਈਆਂ ਹਨ। ਅੱਜ ਆਈ ਫ਼ਸਲ ਦਾ ਭਾਅ 3921 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ। ਪਿਛਲੇ ਸਾਲ ਹੜ੍ਹਾਂ ਦੀ ਮਾਰ ਝੱਲ ਚੁੱਕੇ ਕਿਸਾਨਾਂ ਲਈ ਸੀਜ਼ਨ ਦੀ ਸ਼ੁਰੂਆਤ 'ਤੇ ਮਿਲਿਆ ਚੰਗਾ ਭਾਅ ਰਾਹਤ ਦੀ ਖ਼ਬਰ ਹੈ। ਝੋਨੇ ਦੇ ਨਵੇਂ ਖ਼ਰੀਦ ਸੀਜ਼ਨ ਦੀ ਸ਼ੁਰੂਆਤ ਮੌਕੇ ਆੜ੍ਹਤੀਆਂ ਵਲੋਂ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਲੱਡੂ ਵੰਡੇ ਗਏ।

ਇਸ ਮੌਕੇ ਆੜ੍ਹਤੀ ਕਪਿਲ ਅਜਨਾਲਾ ਵਲੋਂ ਮੰਡੀ ਵਿਚ ਬਾਸਮਤੀ ਲੈ ਕੇ ਆਏ ਪਹਿਲੇ ਤਿੰਨ ਕਿਸਾਨਾਂ ਨੂੰ ਪੱਗਾਂ ਅਤੇ ਲੱਡੂਆਂ ਦੇ ਡੱਬੇ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਆੜ੍ਹਤੀ ਮਨਜੀਤ ਸਿੰਘ ਬਾਠ, ਸਰਪੰਚ ਗੁਰਜੰਟ ਸਿੰਘ ਸਰਾਏ, ਕਪਿਲ ਅਜਨਾਲਾ ਅਤੇ ਮੇਜਰ ਸਿੰਘ ਸਰਾਏ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੀਜ਼ਨ ਦੀ ਸ਼ੁਰੂਆਤ ਚੰਗੇ ਭਾਅ ਨਾਲ ਹੋਈ ਹੈ, ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਅਜਨਾਲਾ ਖੇਤਰ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ ਅਤੇ ਹੁਣ ਉਮੀਦ ਹੈ ਕਿ ਇਸ ਵਾਰ ਫ਼ਸਲ ਦੀ ਪੈਦਾਵਾਰ ਚੰਗੀ ਰਹੇਗੀ ਅਤੇ ਭਾਅ ਵੀ ਮਜ਼ਬੂਤ ਰਹੇਗਾ।

ਕਿਸਾਨ ਗੁਰਜੰਟ ਸਿੰਘ ਫੱਤੇਵਾਲ, ਸੁਖਚੈਨ ਸਿੰਘ ਗਿੱਲ ਅਤੇ ਗੁਰਚੇਤ ਸਿੰਘ ਢਿੱਲੋਂ ਸਮੇਤ ਹੋਰਨਾਂ ਕਿਸਾਨਾਂ ਨੇ ਵੀ ਚੰਗਾ ਭਾਅ ਮਿਲਣ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਕਿਸਾਨਾਂ ਨੂੰ ਕਾਫੀ ਮਾਰ ਪਈ ਸੀ, ਇਸ ਲਈ ਇਸ ਵਾਰ ਵਧੀਆ ਕੀਮਤ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਅੱਜ ਮੰਡੀ ਵਿਚ ਵੱਧ ਤੋਂ ਵੱਧ 3921 ਰੁਪਏ ਪ੍ਰਤੀ ਕੁਇੰਟਲ ਭਾਅ ਸ਼ੁੱਭ ਸੰਕੇਤ ਹੈ ਤੇ ਜੇਕਰ ਇਸੇ ਤਰ੍ਹਾਂ ਚੰਗਾ ਭਾਅ ਮਿਲਦਾ ਰਿਹਾ ਤਾਂ ਕਿਸਾਨਾਂ ਸਿਰ ਚੜੇ ਕਰਜ਼ੇ ਦੀ ਪੰਡ ਕੁੱਝ ਹੌਲੀ ਹੋ ਜਾਵੇਗੀ। ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਾਈਵੇਟ ਖ਼ਰੀਦਦਾਰ ਸਨੀ ਕੁੰਦਰਾ ਨੇ ਕਿਹਾ ਕਿ ਬਾਸਮਤੀ ਦੇ ਸੀਜ਼ਨ ਦੀ ਸ਼ੁਰੂਆਤ 'ਤੇ ਭਾਅ ਵਧੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਬਾਜ਼ਾਰ ਕੌਮਾਂਤਰੀ ਪੱਧਰ 'ਤੇ ਨਿਰਯਾਤ ਨਾਲ ਜੁੜਿਆ ਹੋਣ ਕਾਰਨ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਮੰਗ ਬਣੀ ਰਹੇਗੀ।

ਉਨ੍ਹਾਂ ਕਿਹਾ ਕਿ ਕਿਸਾਨ ਨੂੰ ਚੰਗਾ ਭਾਅ ਮਿਲਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਉਮੀਦ ਸੀ ਕਿ ਇਸ ਵਾਰ 3500 ਰੁਪਏ ਤੱਕ ਪ੍ਰਤੀ ਕੁਇੰਟਲ ਭਾਅ ਰਹੇਗਾ ਪਰ ਸਾਡੀ ਆਸ ਤੋਂ ਵੱਧ 4000 ਰੁਪਏ ਭਾਅ ਲੱਗ ਰਿਹਾ ਹੈ ਤੇ ਫ਼ਸਲ ਦਾ ਝਾੜ ਵੀ 20 ਕੁਇੰਟਲ ਤੋਂ ਉੱਪਰ ਆ ਰਿਹਾ ਹੈ। ਮਾਰਕੀਟ ਕਮੇਟੀ ਅਜਨਾਲਾ ਦੇ ਸਕੱਤਰ ਸੰਦੀਪ ਸਿੰਘ ਰਿਆੜ ਨੇ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਹਲਕਾ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਮੰਡੀ ਵਿਚ ਨਵੇਂ ਸ਼ੈੱਡਾਂ ਤੋਂ ਇਲਾਵਾ ਰੌਸ਼ਨੀ, ਛਾਂ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਆਮਦ ਵਧਣ ਦੇ ਨਾਲ ਖ਼ਰੀਦ ਅਤੇ ਲਿਫ਼ਟਿੰਗ ਦੇ ਪ੍ਰਬੰਧਾਂ ਨੂੰ ਵੀ ਸੁਚਾਰੂ ਰੱਖਣ ਲਈ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਐਨਸੀਆਰ: ਖ਼ਰਾਬ ਮੌਸਮ ਕਾਰਨ ਨੌਂ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ, ਆਈਜੀਆਈ ਹਵਾਈ ਅੱਡਾ ਪਾਣੀ ਵਿਚ ਡੁੱਬਿਆ ਅਗਲੀ ਖ਼ਬਰ ਸ਼੍ਰੀਨਗਰ ਹਵਾਈ ਅੱਡੇ 'ਤੇ ਵੱਡਾ ਹਾਦਸਾ, ਇੰਡੀਗੋ ਜਹਾਜ਼ ਖੰਭੇ ਨਾਲ ਟਕਰਾਇਆ, ਸਾਰੇ ਯਾਤਰੀ ਸੁਰੱਖਿਅਤ
Ad Position 24