ਵਾਸ਼ਿੰਗਟਨ, 23 ਅਕਤੂਬਰ (ਇੰਟ)-ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਯੂਕਰੇਨ ਦੇ ਜੰਗ ਪ੍ਰਭਾਵਿਤ ਸ਼ਹਿਰ ਓਲੇਸ਼ਕੀ ਵਿਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਸਥਾਨਕ ਜੰਗਬੰਦੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਦਾਅਵਾ ਕੀਤਾ ਹੈ। ਵ੍ਹਾਈਟ ਹਾਊਸ ਦੇ ਬਿਆਨ ਅਨੁਸਾਰ, ਇਹ ਜੰਗਬੰਦੀ 29 ਅਕਤੂਬਰ ਤੋਂ ਸ਼ੁਰੂ ਹੋਵੇਗੀ। ਵ੍ਹਾਈਟ ਹਾਊਸ ਮੁਤਾਬਕ, ਰੂਸ ਅਤੇ ਯੂਕਰੇਨ ਓਲੇਸ਼ਕੀ ਵਿੱਚ ਫੌਜੀ ਕਾਰਵਾਈਆਂ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਸਹਿਮਤ ਹੋਏ ਹਨ। ਇਸ ਦਾ ਮਕਸਦ ਪ੍ਰਭਾਵਿਤ ਲੋਕਾਂ ਤੱਕ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਸਹਾਇਤਾ ਪਹੁੰਚਾਉਣਾ ਅਤੇ ਸੁਰੱਖਿਅਤ ਰਸਤੇ ਰਾਹੀਂ ਨਾਗਰਿਕਾਂ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਹੈ।
ਭੋਜਨ, ਦਵਾਈਆਂ ਅਤੇ ਸਾਫ਼ ਪਾਣੀ ਦੀ ਕਿੱਲਤ
ਦੱਖਣੀ ਯੂਕਰੇਨ ਵਿਚ ਸਥਿਤ ਓਲੇਸ਼ਕੀ ’ਤੇ ਫਰਵਰੀ 2022 ਤੋਂ ਰੂਸੀ ਫੌਜਾਂ ਦਾ ਕਬਜ਼ਾ ਹੈ। ਰਿਪੋਰਟਾਂ ਮੁਤਾਬਕ, ਸ਼ਹਿਰ ਦੇ ਵਸਨੀਕ ਗੰਭੀਰ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮੇਲਾਨੀਆ ਟਰੰਪ ਨੇ ਕਿਹਾ ਕਿ ਉੱਥੇ ਰਹਿ ਗਏ ਜ਼ਿਆਦਾਤਰ ਲੋਕ ਬਜ਼ੁਰਗ ਹਨ, ਜਿਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ, ਦਵਾਈਆਂ, ਭੋਜਨ ਅਤੇ ਸਾਫ਼ ਪਾਣੀ ਦੀ ਲੋੜ ਹੈ। ਵ੍ਹਾਈਟ ਹਾਊਸ ਅਨੁਸਾਰ, ਜੰਗ ਤੋਂ ਪਹਿਲਾਂ ਓਲੇਸ਼ਕੀ ਦੀ ਆਬਾਦੀ ਲਗਭਗ 24,000 ਸੀ, ਜੋ ਹੁਣ ਘਟ ਕੇ ਕਰੀਬ 1,700 ਤੋਂ 2,000 ਰਹਿ ਗਈ ਹੈ। ਇਨ੍ਹਾਂ ਵਿਚ ਲਗਭਗ 50 ਬੱਚੇ ਵੀ ਸ਼ਾਮਲ ਹਨ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਾਖੋਵਕਾ ਡੈਮ ਦੇ ਤਬਾਹ ਹੋਣ ਤੋਂ ਬਾਅਦ ਸ਼ਹਿਰ ਦਾ ਲਗਭਗ 90 ਫ਼ੀਸਦੀ ਹਿੱਸਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ।
ਨਾਗਰਿਕਾਂ ਨੂੰ ਆਪਣੀ ਪਸੰਦ ਦੀ ਥਾਂ ਜਾਣ ਦਾ ਮੌਕਾ
ਮੇਲਾਨੀਆ ਟਰੰਪ ਅਨੁਸਾਰ, ਜੰਗਬੰਦੀ ਦੌਰਾਨ ਗੈਰ-ਫੌਜੀ ਟੀਮਾਂ ਲੋਕਾਂ ਨਾਲ ਸੰਪਰਕ ਕਰਨਗੀਆਂ ਅਤੇ ਉਨ੍ਹਾਂ ਦੀ ਸੁਰੱਖਿਅਤ ਨਿਕਾਸੀ ਲਈ ਆਵਾਜਾਈ ਦਾ ਪ੍ਰਬੰਧ ਕਰਨਗੀਆਂ। ਨਾਗਰਿਕ ਆਪਣੀ ਇੱਛਾ ਅਨੁਸਾਰ ਰੂਸ ਜਾਂ ਯੂਕਰੇਨ ਜਾਣ ਦੀ ਚੋਣ ਕਰ ਸਕਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਮੇਲਾਨੀਆ ਟਰੰਪ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਜੰਗਬੰਦੀ ਦੀਆਂ ਸ਼ਰਤਾਂ ਤੈਅ ਕਰਨ ਲਈ ਰੂਸੀ ਅਤੇ ਯੂਕਰੇਨੀ ਲੀਡਰਸ਼ਿਪ ਨਾਲ ਸਿੱਧੇ ਤੌਰ ’ਤੇ ਕੰਮ ਕੀਤਾ।
ਜ਼ਿਕਰਯੋਗ ਹੈ ਕਿ ਮੇਲਾਨੀਆ ਟਰੰਪ ਯੁੱਧ ਦੌਰਾਨ ਰੂਸ ਲਿਜਾਏ ਗਏ ਯੂਕਰੇਨੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਮਿਲਾਉਣ ਦੀਆਂ ਕੋਸ਼ਿਸ਼ਾਂ ਵਿਚ ਵੀ ਸ਼ਾਮਲ ਰਹੀ ਹੈ। ਇਹ ਪਹਿਲ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਸਮਝੌਤੇ ਵਾਸਤੇ ਦਬਾਅ ਬਣਾ ਰਹੇ ਹਨ।