ਚੰਡੀਗੜ੍ਹ,2 ਸਤੰਬਰ (ਅਜਾਇਬ ਸਿੰਘ ਔਜਲਾ)- ਕਿਸਾਨ ਭਵਨ ਵਿਖੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ ਤੇ ਬਲਦੇਵ ਸਿੰਘ ਜ਼ੀਰਾ ਨੇ ਐਲਾਨ ਕੀਤਾ ਕਿ 14 ਸਤੰਬਰ ਤੋਂ ਸਵੇਰੇ 11 ਵਜੇ ਪੰਜਾਬ ਭਰ ਵਿਚ ਮੰਤਰੀਆਂ ਅਤੇ ਵਿਧਾਨ ਸਭਾ ਸਪੀਕਰ ਦੇ ਘਰਾਂ ਅੱਗੇ ਧਰਨੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਮੁਤਾਬਕ ਪੰਜ ਦਿਨਾਂ ਤੱਕ ਇਹ ਧਰਨੇ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਵੱਖ-ਵੱਖ ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਗਾਏ ਜਾਣਗੇ, ਜਿਨ੍ਹਾਂ ਵਿਚ ਅੰਮ੍ਰਿਤਸਰ ਵਿਖੇ ਮੰਤਰੀ ਹਰਭਜਨ ਸਿੰਘ ਈ.ਟੀ.ਓ., ਮੁਕਤਸਰ ਵਿਖੇ ਗੁਰਮੀਤ ਸਿੰਘ ਖੁੱਡੀਆਂ, ਜਲੰਧਰ ਵਿਖੇ ਮਹਿੰਦਰ ਭਗਤ, ਸੁਨਾਮ ਵਿਖੇ ਅਮਨ ਅਰੋੜਾ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਧਰਨੇ ਸ਼ਾਮਿਲ ਹਨ। ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਵੀ ਧਰਨਾ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ 16 ਤਾਰੀਖ ਨੂੰ ਮੁੜ ਮੀਟਿੰਗ ਕਰਕੇ ਚੱਲ ਰਹੇ ਪ੍ਰੋਗਰਾਮ ਦੀ ਸਮੀਖਿਆ ਕੀਤੀ ਜਾਵੇਗੀ। ਜੇਕਰ ਸਰਕਾਰ ਵਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੇ ਪੜਾਅ ਵਿਚ ਹੋਰ ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਗਾਉਣ ਅਤੇ ਰੇਲ ਰੋਕੋ ਸਮੇਤ ਸੰਘਰਸ਼ ਨੂੰ ਹੋਰ ਤਿੱਖਾ ਕਰਨ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।