ਐੱਸ. ਏ. ਐੱਸ. ਨਗਰ, 31 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਦੇ ਫੇਜ਼-9 ਸਥਿਤ ਆਈ. ਐਸ. ਬਿੰਦਰਾ ਸਟੇਡੀਅਮ ਵਿਖੇ ਫ਼ਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ੇਰ-ਏ-ਪੰਜਾਬ ਟੀ-20 ਲੀਗ-2026 ‘ਚ ਮਜ਼ਬੂਤ ਸ਼ੁਰੂਆਤ ਕੀਤੀ । ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਅੱਜ ਦੁਪਹਿਰ 1 ਵਜੇ ਖੇਡੇ ਗਏ ਦੂਜੇ ਮੈਚ ਵਿਚ ਫ਼ਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਵਲੋਂ ਜਿੱਤ ਲਈ ਦਿੱਤੇ ਗਏ 188 ਦੌੜਾਂ ਦੇ ਟੀਚੇ ਨੂੰ ਭਾਰਤ ਦੇ ਅੰਡਰ-19 ਸਟਾਰ ਵਿਹਾਨ ਮਲਹੋਤਰਾ ਦੇ ਸ਼ਾਨਦਾਰ ਅਜੇਤੂ ਸੈਂਕੜੇ ਦੀ ਬਦੌਲਤ ਸਿਰਫ਼ 17.4 ਓਵਰਾਂ ਵਿਚ ਹਾਸਿਲ ਕਰਕੇ 8 ਵਿਕਟਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ ਗਿਆ। ਵਿਹਾਨ ਮਲਹੋਤਰਾ ਮੈਨ ਆਫ਼ ਦਾ ਮੈਚ ਚੁਣਿਆ ਗਿਆ ।
ਫ਼ਾਜ਼ਿਲਕਾ ਫਾਲਕਨਜ਼ ਲਈ ਗੇਂਦਬਾਜ਼ ਨਵਪ੍ਰੀਤ ਸਿੰਘ ਨੇ 3 ਵਿਕਟਾਂ, ਰਘੂ ਸ਼ਰਮਾ ਤੇ ਕਿਰਨਦੀਪ ਸਿੰਘ ਨੇ 2-2 ਵਿਕਟਾਂ ਅਤੇ ਲਕਸ਼ੈ ਕਾਂਸਲ ਤੇ ਪ੍ਰੀਤ ਦੱਤਾ ਨੇ 1-1 ਵਿਕਟ ਝਟਕਾਈ। ਜਲੰਧਰ ਵਲੋਂ ਦਿੱਤੇ ਗਏ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉਤਰੀ ਫ਼ਾਜ਼ਿਲਕਾ ਦੀ ਟੀਮ ਨੂੰ ਵਿਹਾਨ ਮਲਹੋਤਰਾ ਤੇ ਅੰਸ਼ੁਲ ਚੌਧਰੀ ਦੀ ਜੋੜੀ ਨੇ ਸਿਰਫ਼ 8 ਓਵਰਾਂ ਵਿਚ ਸ਼ਾਨਦਾਰ 100 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ਵਿਚ ਲਿਆਂਦਾ।
ਅੰਸ਼ੁਲ ਚੌਧਰੀ ਦੇ 20 ਗੇਂਦਾਂ ’ਚ 36 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਵਿਹਾਨ ਮਲਹੋਤਰਾ ਨੇ ਕਪਤਾਨ ਸਨਵੀਰ ਸਿੰਘ ਨਾਲ ਮਿਲ ਕੇ ਤੀਜੀ ਵਿਕਟ ਲਈ 91 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ ਨਾਲ ਫ਼ਾਜ਼ਿਲਕਾ ਨੂੰ ਸ਼ਾਨਦਾਰ ਜਿੱਤ ਮਿਲੀ । ਕਪਤਾਨ ਸਨਵੀਰ ਸਿੰਘ 29 ਗੇਂਦਾਂ ‘ਚ 51 ਦੌੜਾਂ ਬਣਾ ਕੇ ਨਾਬਾਦ ਰਿਹਾ, ਜਦਕਿ ਵਿਹਾਨ ਨੇ ਸਿਰਫ਼ 52 ਗੇਂਦਾਂ ’ਚ ਸ਼ਾਨਦਾਰ ਨਾਬਾਦ 103 ਦੌੜਾਂ ਬਣਾਈਆਂ । ਇਸ ਤਰ੍ਹਾਂ ਫ਼ਾਜ਼ਿਲਕਾ ਵਲੋਂ 17.4 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ’ਤੇ 192 ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ ਗਿਆ।