ਅਜਨਾਲਾ (ਅੰਮ੍ਰਿਤਸਰ), 26 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਵਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲੰਬਿਤ ਮਹਿੰਗਾਈ ਭੱਤੇ (ਡੀ.ਏ.) ਦਾ ਭੁਗਤਾਨ ਨਾ ਕੀਤੇ ਜਾਣ ਦੇ ਵਿਰੋਧ ਵਿਚ 27 ਅਗਸਤ ਨੂੰ ਕੀਤੇ ਜਾ ਰਹੇ ਮਹਾਂ ਬੰਦ ਅਤੇ ਸਮੂਹਿਕ ਛੁੱਟੀ ਦੇ ਸੱਦੇ ਦਾ ਪੂਰਨ ਸਮਰਥਨ ਕੀਤਾ ਜਾਵੇਗਾ। 'ਅਜੀਤ' ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਵਾਰ-ਵਾਰ ਮੰਗਾਂ ਉਠਾਉਣ ਦੇ ਬਾਵਜੂਦ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਜਾਇਜ਼ ਬਕਾਇਆ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਅੰਦੋਲਨ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਿਆ ਹੈ।ਉਨ੍ਹਾਂ ਕਿਹਾ ਕਿ ਲੰਬਿਤ ਡੀ.ਏ. ਦੇ ਮਾਮਲੇ ਵਿਚ ਪੰਜਾਬ ਸਰਕਾਰ ਹੁਣ ਕਿਸੇ ਵੀ ਤਰ੍ਹਾਂ ਦੇ ਬਹਾਨੇ ਜਾਂ ਪ੍ਰਸ਼ਾਸਨਿਕ ਅੜਚਣਾਂ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਅਦਾਲਤ ਵਲੋਂ ਵੀ ਆਪਣਾ ਰੁਖ ਸਪਸ਼ਟ ਕੀਤਾ ਜਾ ਚੁੱਕਾ ਹੈ ਅਤੇ ਸਰਕਾਰ ਨੂੰ ਲੰਬਿਤ ਡੀ.ਏ. ਜਾਰੀ ਕਰਨ ਸੰਬੰਧੀ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਬਾਵਜੂਦ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਹਿਤਾਂ ਦੀ ਅਣਦੇਖੀ ਕਰਨਾ ਬੇਹੱਦ ਦੁਖਦਾਈ ਹੈ। ਬੋਨੀ ਅਜਨਾਲਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਦਾਲਤੀ ਫ਼ੈਸਲੇ ਖ਼ਿਲਾਫ਼ ਅਪੀਲ ਵੀ ਕੀਤੀ ਗਈ ਸੀ, ਪਰ ਮਾਣਯੋਗ ਅਦਾਲਤ ਵਲੋਂ ਪਹਿਲੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਗਿਆ, ਇਸ ਦੇ ਬਾਵਜੂਦ ਅਦਾਲਤੀ ਹੁਕਮਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਸਾਲਾਂ ਤੱਕ ਪੰਜਾਬ ਦੀ ਸੇਵਾ ਕੀਤੀ, ਉਨ੍ਹਾਂ ਨੂੰ ਆਪਣੇ ਵਿੱਤੀ ਹੱਕਾਂ ਲਈ ਸੜਕਾਂ 'ਤੇ ਉੱਤਰਨ ਅਤੇ ਸਮੂਹਿਕ ਛੁੱਟੀ ਲੈਣ ਲਈ ਮਜਬੂਰ ਕਰਨਾ ਭਗਵੰਤ ਮਾਨ ਸਰਕਾਰ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਸਰਕਾਰ ਨੂੰ ਕਰਮਚਾਰੀਆਂ ਦੀਆਂ ਸਮੱਸਿਆਵਾਂ ਟਾਲਣ ਦੀ ਬਜਾਏ ਉਨ੍ਹਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਬੋਨੀ ਅਜਨਾਲਾ ਨੇ ਅੱਗੇ ਕਿਹਾ ਕਿ ਅਦਾਲਤੀ ਨਿਰਦੇਸ਼ਾਂ ਦੀ ਪਾਲਣਾ ਵਿਚ ਦੇਰੀ ਕਾਰਨ ਸਰਕਾਰ ਨੂੰ ਅਦਾਲਤੀ ਮਾਣਹਾਨੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।ਇਸ ਦੌਰਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਮੰਗ ਕੀਤੀ ਕਿ 'ਆਪ' ਸਰਕਾਰ ਲੰਬਿਤ ਡੀ.ਏ. ਦਾ ਪੂਰਾ ਭੁਗਤਾਨ ਬਿਨਾਂ ਕਿਸੇ ਹੋਰ ਦੇਰੀ ਦੇ ਕਰੇ, ਅਦਾਲਤੀ ਹੁਕਮਾਂ ਦੀ ਤੁਰੰਤ ਪਾਲਣਾ ਯਕੀਨੀ ਬਣਾਏ ਅਤੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਜਾਇਜ਼ ਹੱਕ ਦਿੱਤਾ ਜਾਵੇ।ਉਨ੍ਹਾਂ ਇਹ ਵੀ ਕਿਹਾ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ-1 ਦੇ ਵਰਕਰ ਪੈਨਸ਼ਨਰਾਂ ਅਤੇ ਕਰਮਚਾਰੀਆਂ ਦੇ ਇਸ ਸੰਘਰਸ਼ ਵਿਚ ਹਰ ਪੱਖੋਂ ਉਨ੍ਹਾਂ ਨਾਲ ਖੜ੍ਹੇ ਹਨ।
ਤਾਜ਼ਾ ਖ਼ਬਰਾਂ
Free
ਕਰਮਚਾਰੀਆਂ-ਪੈਨਸ਼ਨਰਾਂ ਦੇ 'ਮਹਾਂ ਬੰਦ' ਨੂੰ ਭਾਜਪਾ ਅੰਮ੍ਰਿਤਸਰ ਦਿਹਾਤੀ 1 ਵਲੋਂ ਸਮਰਥਨ - ਬੋਨੀ ਅਜਨਾਲਾ
ਅਜਨਾਲਾ (ਅੰਮ੍ਰਿਤਸਰ), 26 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 1 ਵਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲੰਬਿਤ ਮਹਿੰਗਾਈ ਭੱਤੇ (ਡੀ.ਏ.) ਦਾ ਭੁਗਤਾਨ ਨਾ...
ਅਜੀਤ ਡੈਸਕ
26-08-2026