ਲੁਧਿਆਣਾ, 22 ਅਗਸਤ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਨੇ ਮਿਠਾਈ ਬਣਾਉਣ ਵਾਲੀ ਫੈਕਟਰੀ ’ਤੇ ਵੱਡੀ ਕਾਰਵਾਈ ਕੀਤੀ ਹੈ। ਜੱਸੀਆਂ ਰੋਡ ਸਥਿਤ ਸਵੀਟਸ ਫੈਕਟਰੀ ’ਤੇ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਰੇਡ ਕਰਕੇ ਮੌਕੇ ਦੇ ਹਾਲਾਤਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਵਿਭਾਗ ਦੀ ਟੀਮ ਨੂੰ ਕਥਿਤ ਤੌਰ ’ਤੇ ਗੰਦਗੀ ਅਤੇ ਅਣਹਾਈਜੀਨਿਕ ਹਾਲਾਤਾਂ ਵਿਚ ਮਿਠਾਈਆਂ ਤਿਆਰ ਹੁੰਦੀਆਂ ਮਿਲੀਆਂ। ਇਸ ਕਾਰਵਾਈ ਦੌਰਾਨ ਕਰੀਬ 3 ਕੁਇੰਟਲ ਮਿਠਾਈ ਜ਼ਬਤ ਕੀਤੀ ਗਈ ਹੈ।
ਅਧਿਕਾਰੀਆਂ ਵਲੋਂ ਮਿਠਾਈਆਂ ਦੇ ਸੈਂਪਲ ਵੀ ਭਰੇ ਗਏ ਹਨ, ਜਿਨ੍ਹਾਂ ਨੂੰ ਲੈਬ ਵਿਚ ਜਾਂਚ ਲਈ ਭੇਜਿਆ ਜਾਵੇਗਾ। ਡੀ.ਐਚ.ਓ. ਆਸ਼ੀਸ਼ ਚਾਵਲਾ ਮੁਤਾਬਕ ਫੈਕਟਰੀ ਵਿਚ ਸਫਾਈ ਦੇ ਨਿਯਮਾਂ ਦੀ ਕਥਿਤ ਤੌਰ ’ਤੇ ਪਾਲਣਾ ਨਹੀਂ ਕੀਤੀ ਜਾ ਰਹੀ ਸੀ।
ਇਸ ਤੋਂ ਇਲਾਵਾ ਪੁਰਾਣੀ ਜਾਂ ਵੈਸਟੇਜ ਮਿਠਾਈ ਅਤੇ ਚਾਸ਼ਨੀ ਨੂੰ ਦੁਬਾਰਾ ਵਰਤ ਕੇ ਨਵੀਂ ਮਿਠਾਈ ਤਿਆਰ ਕਰਨ ਦਾ ਵੀ ਸ਼ੱਕ ਜਤਾਇਆ ਗਿਆ ਹੈ। ਹਾਲਾਂਕਿ ਇਸ ਦੀ ਪੁਸ਼ਟੀ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਫੂਡ ਸੇਫਟੀ ਵਿਭਾਗ ਵਲੋਂ ਫੈਕਟਰੀ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਬਤ ਕੀਤੀ ਗਈ ਮਿਠਾਈ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਹੁਣ ਸਾਰਿਆਂ ਦੀਆਂ ਨਜ਼ਰਾਂ ਲੈਬ ਰਿਪੋਰਟ ’ਤੇ ਹਨ, ਜਿਸ ਤੋਂ ਪਤਾ ਲੱਗੇਗਾ ਕਿ ਮਿਠਾਈਆਂ ਖਾਣ ਯੋਗ ਸਨ ਜਾਂ ਨਹੀਂ ਅਤੇ ਫੈਕਟਰੀ ਵਲੋਂ ਫੂਡ ਸੇਫਟੀ ਨਿਯਮਾਂ ਦੀ ਕਿੰਨੀ ਉਲੰਘਣਾ ਕੀਤੀ ਗਈ।