20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਜੋਖਰਾ ਸਾਹਿਬ ਮਾਮਲਾ ਸੁਲਝਾਉਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਸੀਐਮ ਨਾਇਬ ਸੈਣੀ ਦਾ ਹਰਿਆਣਾ ਕਮੇਟੀ ਕਰੇਗੀ ਧੰਨਵਾਦ- ਜਥੇਦਾਰ ਜਗਦੀਸ਼ ਸਿੰਘ ਝੀਂਡਾ

ਕਰਨਾਲ/ਕੁਰੂਕਸ਼ੇਤਰ, 20 ਅਗਸਤ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ...

Ad Position 21
No active advertisement
ਅਜੀਤ ਡੈਸਕ 20-08-2026

ਕਰਨਾਲ/ ਕੁਰੂਕਸ਼ੇਤਰ, 20 ਅਗਸਤ (ਗੁਰਮੀਤ ਸਿੰਘ ਸੱਗੂ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਮਾਮਲਾ ਸੁਲਝਾਉਣ ਵਿਚ ਅਹਿਮ ਯੋਗਦਾਨ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਧੰਨਵਾਦ ਕੀਤਾ ਜਾਵੇਗਾ। ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਰਿਹਾਈ ਤੋਂ ਬਾਅਦ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾਤਸ਼ਾਹੀ ਅੱਠਵੀਂ, ਅੰਬਾਲਾ ਵਿਖੇ ਸੰਗਤ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਇਸ ਮੁੱਦੇ ’ਤੇ ਸਾਥ ਦੇਣ ਵਾਲੀਆਂ ਜਥੇਬੰਦੀਆਂ ਦੀ ਮੌਜੂਦਗੀ ਵਿਚ ਜਲਦ ਹੀ ਸੂਬੇ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

ਕੁਰੂਕਸ਼ੇਤਰ ਸਥਿਤ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਇਸ ਮਾਮਲੇ ’ਤੇ ਸ਼ੁਰੂ ਤੋਂ ਹੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਜ਼ਰ ਰੱਖ ਰਹੇ ਸਨ ਅਤੇ ਇਸ ਦੇ ਹੱਲ ਲਈ ਉਨ੍ਹਾਂ ਨੇ ਪਰਦੇ ਪਿੱਛੇ ਰਹਿ ਕੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਹਰਿਆਣਾ ਕਮੇਟੀ ਉਨ੍ਹਾਂ ਦਾ ਵੀ ਧੰਨਵਾਦ ਕਰਦੀ ਹੈ। ਇਸ ਦੇ ਨਾਲ ਹੀ ਸੰਸਥਾ ਦੇ ਸਾਬਕਾ ਜਨਰਲ ਸਕੱਤਰ ਰਮਣੀਕ ਸਿੰਘ ਮਾਨ, ਸਾਬਕਾ ਜੁਆਇੰਟ ਸਕੱਤਰ ਗੁਲਾਬ ਸਿੰਘ ਮੁਨਕ ਅਤੇ ਕੁਝ ਮੈਂਬਰ ਸਾਹਿਬਾਨ ਨੇ ਵੀ ਆਪਣਾ-ਆਪਣਾ ਯੋਗਦਾਨ ਪਾਇਆ ਹੈ।

ਇਕ ਸਵਾਲ ਦੇ ਜਵਾਬ ਵਿਚ ਪ੍ਰਧਾਨ ਨੇ ਕਿਹਾ ਕਿ ਮਾਮਲੇ ਦੇ ਮੁੱਖ ਸੂਤਰਧਾਰ ਗੁਰਸਿਮਰਨ ਸਿੰਘ ਮੰਡ ਨੇ ਮੁਆਫ਼ੀ ਮੰਗਣ ਦਾ ਪ੍ਰਸਤਾਵ ਹਰਿਆਣਾ ਕਮੇਟੀ ਕੋਲ ਭੇਜਿਆ ਹੈ। ਜੇਕਰ 23 ਅਗਸਤ ਤੱਕ ਗੁਰਸਿਮਰਨ ਸਿੰਘ ਮੰਡ ਵੀਡੀਓ ਰਾਹੀਂ ਅਤੇ ਲਿਖਤੀ ਰੂਪ ਵਿਚ ਸੰਗਤ ਤੋਂ ਮੁਆਫ਼ੀ ਮੰਗਦਾ ਹੈ ਤਾਂ ਉਸਨੂੰ ਵੀ ਮੁਆਫ਼ ਕਰ ਦਿੱਤਾ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਲਾਠੀਚਾਰਜ ਵਿਚ ਜ਼ਖ਼ਮੀ ਹੋਏ ਹਰ ਨੌਜਵਾਨ ਦੇ ਇਲਾਜ ਦਾ ਸਾਰਾ ਖ਼ਰਚਾ ਹਰਿਆਣਾ ਕਮੇਟੀ ਵਲੋਂ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਗੁਰਸਿਮਰਨ ਸਿੰਘ ਮੰਡ ਵਲੋਂ ਆਪਣੀ ਗੱਡੀ ਹੇਠਾਂ ਦੇ ਕੇ ਜ਼ਖ਼ਮੀ ਕੀਤੇ ਗਏ ਨੌਜਵਾਨ ਦੇ ਪਰਿਵਾਰ ਵਿਚੋਂ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਫ਼ੈਸਲਾ ਵੀ ਹਰਿਆਣਾ ਕਮੇਟੀ ਵਲੋਂ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਅੰਬਾਲਾ ਵਿਚ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੀ ਸੰਗਤ ’ਤੇ ਲਾਠੀਚਾਰਜ ਦੇ ਮਾਮਲੇ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਦੋਸ਼ੀ ਹੈ। ਕਿਸੇ ਦੇ ਦਬਾਅ ਹੇਠ ਆ ਕੇ ਪ੍ਰਸ਼ਾਸਨ ਵਲੋਂ ਇਹ ਕਦਮ ਚੁੱਕਿਆ ਗਿਆ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਮੁੱਖ ਮੰਤਰੀ ਸਾਹਿਬ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਸੀ ਅਤੇ ਇਸ ਤੋਂ ਪਹਿਲਾਂ ਕਿ ਸੰਗਤ ਧਰਨਾ-ਪ੍ਰਦਰਸ਼ਨ ਖ਼ਤਮ ਕਰਕੇ ਉੱਥੋਂ ਉੱਠਦੀ, ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ ਵਲੋਂ ਸੰਗਤ ’ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਘਟਨਾ ਹੈ।

ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖ ਸੰਗਤ ਦਾ ਸਾਥ ਦੇਣ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ, ਹੋਰ ਵਿਦਿਆਰਥੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਵੀ ਭਰਪੂਰ ਧੰਨਵਾਦ ਕੀਤਾ ਹੈ।

 

Ad Position 22
No active advertisement
ਪਿਛਲੀ ਖ਼ਬਰ ‘ਪੰਜਾਬ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ ਸਹਿਯੋਗ ਦੀ ਕੀਤੀ ਅਪੀਲ ਅਗਲੀ ਖ਼ਬਰ ਕਿਸਾਨ ਯੂਨੀਅਨ ਰਾਜੇਵਾਲ ਵਲੋਂ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਦੀ ਹਮਾਇਤ ਕੀਤੀ ਗਈ
Ad Position 24