ਨਵੀਂ ਦਿੱਲੀ, 18 ਅਗਸਤ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਦਿੱਲੀ ਵਿਖੇ ਪਾਕਿਸਤਾਨੀ ਅੰਬੈਸਡਰ ਨਾਲ ਇਕ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਸੰਬੰਧੀ ਐਡਵੋਕੇਟ ਧਾਮੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਾਲ ਵਿਚ 4 ਵਾਰ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਸਥਿਤ ਪਵਿੱਤਰ ਅਸਥਾਨਾਂ—ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਲਾਹੌਰ ਦੇ ਚੂਨਾ ਮੰਡੀ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰਾਂ ਲਈ ਭੇਜੇ ਜਾਂਦੇ ਹਨ।ਪਿਛਲੇ ਕੁਝ ਸਮੇਂ ਤਾਰੀਖਾਂ ਦੇ ਟਕਰਾਅ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਜਥਾ ਪਾਕਿਸਤਾਨ ਨਹੀਂ ਜਾ ਸਕਿਆ ਸੀ। ਪਰ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਕੋਲ ਲਗਭਗ 7500 ਪਾਸਪੋਰਟ ਪ੍ਰਾਪਤ ਹੋ ਚੁੱਕੇ ਹਨ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਬੈਸਡਰ ਸਾਹਿਬ ਨੇ ਪੂਰਨ ਭਰੋਸਾ ਦਿਵਾਇਆ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਭੇਜੀਆਂ ਗਈਆਂ ਸਾਰੀਆਂ ਅਰਜ਼ੀਆਂ 'ਤੇ ਵੀਜ਼ੇ ਮਨਜ਼ੂਰ ਕੀਤੇ ਜਾਣਗੇ। ਪ੍ਰਧਾਨ ਧਾਮੀ ਨੇ ਇਸ ਹਾਂ-ਪੱਖੀ ਹੁੰਗਾਰੇ ਲਈ ਅੰਬੈਸਡਰ ਸਾਹਿਬ ਦਾ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬੰਦ ਹੋਣ 'ਤੇ ਚਿੰਤਾ ਪ੍ਰਗਟਾਉਂਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ।ਉਨ੍ਹਾਂ ਕਿਹਾ, "ਹਰ ਸਿੱਖ ਦੀ ਇਹ ਦਿਲੀ ਚਾਹਤ ਹੁੰਦੀ ਹੈ ਕਿ ਉਹ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰ ਸਕੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕਿਰਤ ਕੀਤੀ ਅਤੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਬਿਤਾਇਆ। ਅਸੀਂ ਪਹਿਲਾਂ ਵੀ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਕਰਦੇ ਰਹੇ ਹਾਂ, ਪਰ ਹੁਣ ਇਹ ਲਾਂਘਾ ਪੂਰੀ ਤਰ੍ਹਾਂ ਬੰਦ ਹੋਣ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਹੈ।" ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਨਾਲ ਵੀ ਇਸ ਮੁੱਦੇ 'ਤੇ ਗੱਲਬਾਤ ਕਰਨ ਦਾ ਉਪਰਾਲਾ ਕਰੇਗੀ ਤਾਂ ਜੋ ਆਪਸੀ ਸੰਬੰਧ ਸੁਖਾਵੇਂ ਬਣਨ ਅਤੇ ਸੰਗਤਾਂ ਲਈ ਇਹ ਲਾਂਘਾ ਜਲਦ ਤੋਂ ਜਲਦ ਦੁਬਾਰਾ ਖੋਲ੍ਹਿਆ ਜਾ ਸਕੇ।
ਤਾਜ਼ਾ ਖ਼ਬਰਾਂ
Free
ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਵੀਜ਼ਿਆਂ ਸੰਬੰਧੀ ਪਾਕਿਸਤਾਨੀ ਅੰਬੈਸਡਰ ਨਾਲ ਹੋਈ ਸਾਰਥਕ ਗੱਲਬਾਤ: ਐਡਵੋਕੇਟ ਧਾਮੀ
ਨਵੀਂ ਦਿੱਲੀ, 18 ਅਗਸਤ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਦਿੱਲੀ ਵਿਖੇ ਪਾਕਿਸਤਾਨੀ ਅੰਬੈਸਡਰ ਨਾਲ ਇਕ ਮਹੱਤਵਪੂਰਨ...
ਅਜੀਤ ਡੈਸਕ
18-08-2026