ਲੁਧਿਆਣਾ, 18 ਅਗਸਤ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਨਿੱਜੀ ਹਸਪਤਾਲ ਵਿਚ ਬੱਚੀ ਦੀ ਮੌਤ ਤੋਂ ਬਾਅਦ ਦੇਰ ਰਾਤ ਹੰਗਾਮਾ ਹੋ ਗਿਆ। ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ 'ਤੇ ਇਲਾਜ ਵਿਚ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ।
ਪਰਿਵਾਰ ਦਾ ਦੋਸ਼ ਹੈ ਕਿ ਬੱਚੀ ਛੱਤ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋਈ ਸੀ ਅਤੇ ਉਸਦੇ ਸਿਰ ਵਿਚ ਸੱਟ ਲੱਗੀ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਹਸਪਤਾਲ ਵਲੋਂ ਸਮੇਂ ਸਿਰ ਉਸਨੂੰ ਕਿਸੇ ਵੱਡੇ ਹਸਪਤਾਲ ਵਿਚ ਰੈਫਰ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਬਿਲ ਬਣਾਉਣ ਦੇ ਚੱਕਰ ਵਿਚ ਬੱਚੀ ਨੂੰ ਹਸਪਤਾਲ ਵਿਚ ਹੀ ਰੱਖਿਆ ਗਿਆ ਅਤੇ ਸਮੇਂ ਸਿਰ ਢੁੱਕਵਾਂ ਇਲਾਜ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ।
ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਧਰਨੇ 'ਤੇ ਬੈਠੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਇਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ।
ਉਧਰ, ਹਸਪਤਾਲ ਪ੍ਰਬੰਧਨ ਨੇ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਬੱਚੀ ਦੁਪਹਿਰ ਕਰੀਬ 1.30 ਵਜੇ ਛੱਤ ਤੋਂ ਡਿੱਗਣ ਤੋਂ ਬਾਅਦ ਹਸਪਤਾਲ ਲਿਆਂਦੀ ਗਈ ਸੀ। ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਤੁਰੰਤ ਐਮਰਜੈਂਸੀ ਇਲਾਜ ਦਿੱਤਾ ਗਿਆ ਅਤੇ ਦੌਰੇ ਰੋਕਣ ਲਈ ਟੀਕਾ ਵੀ ਲਗਾਇਆ ਗਿਆ।
ਡਾਕਟਰ ਮੁਤਾਬਕ ਬੱਚੀ ਨੂੰ ਤੁਰੰਤ ਸਕੈਨ ਲਈ ਭੇਜਿਆ ਗਿਆ ਸੀ। ਸ਼ਾਮ ਕਰੀਬ ਪੰਜ ਵਜੇ ਸਕੈਨ ਕਰਵਾਉਣ ਤੋਂ ਬਾਅਦ ਉਹ ਵਾਪਸ ਆਈ। ਹਸਪਤਾਲ ਦੇ ਡਾਕਟਰਾਂ ਨੂੰ ਫੋਨ 'ਤੇ ਹੀ ਪਤਾ ਲੱਗ ਗਿਆ ਸੀ ਕਿ ਬੱਚੀ ਦੇ ਸਿਰ ਵਿਚ ਕਲੌਟ ਬਣ ਗਏ ਹਨ ਅਤੇ ਬ੍ਰੇਨ ਹੈਮਰੇਜ ਵੀ ਹੋਇਆ ਹੈ। ਉਨ੍ਹਾਂ ਮੁਤਾਬਕ ਬੱਚੀ ਉਸ ਸਮੇਂ ਤੋਂ ਹੀ ਬੇਹੋਸ਼ ਸੀ।
ਹਸਪਤਾਲ ਪ੍ਰਬੰਧਨ ਦਾ ਦਾਅਵਾ ਹੈ ਕਿ ਸ਼ਾਮ ਪੰਜ ਵਜੇ ਹੀ ਪਰਿਵਾਰ ਨੂੰ ਬੱਚੀ ਨੂੰ ਕਿਸੇ ਵੱਡੇ ਹਸਪਤਾਲ ਵਿਚ ਲੈ ਕੇ ਜਾਣ ਲਈ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ। ਡਾਕਟਰ ਨੇ ਕਿਹਾ ਕਿ ਹਸਪਤਾਲ ਕੋਲ ਮੌਜੂਦ ਸੀਸੀਟੀਵੀ ਫੁਟੇਜ ਅਤੇ ਮੈਡੀਕਲ ਰਿਕਾਰਡ ਤੋਂ ਪੂਰੀ ਸਥਿਤੀ ਸਪੱਸ਼ਟ ਹੋ ਸਕਦੀ ਹੈ।
ਰਾਤ ਕਰੀਬ 11 ਵਜੇ ਹਸਪਤਾਲ ਦੇ ਬਾਹਰ ਮਾਹੌਲ ਤਣਾਅਪੂਰਨ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਕਾਬੂ ਕੀਤੇ। ਹੁਣ ਪੁਲਿਸ ਵਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਸੀਸੀਟੀਵੀ ਫੁਟੇਜ ਅਤੇ ਮੈਡੀਕਲ ਰਿਪੋਰਟ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਕਾਰਨਾਂ ਦੀ ਅਸਲ ਤਸਵੀਰ ਸਾਹਮਣੇ ਆਵੇਗੀ।
ਤਾਜ਼ਾ ਖ਼ਬਰਾਂ
Free
ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਬੱਚੀ ਦੀ ਮੌਤ 'ਤੇ ਹੰਗਾਮਾ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼
ਲੁਧਿਆਣਾ, 18 ਅਗਸਤ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਨਿੱਜੀ ਹਸਪਤਾਲ ਵਿਚ ਬੱਚੀ ਦੀ ਮੌਤ ਤੋਂ ਬਾਅਦ ਦੇਰ ਰਾਤ ਹੰਗਾਮਾ ਹੋ ਗਿਆ। ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ...
ਅਜੀਤ ਡੈਸਕ
18-08-2026