ਫਗਵਾੜਾ ਵਿਚ ਡੀ.ਆਰ.ਆਈ. ਵਲੋਂ ਚਾਰ ਵਿਅਕਤੀ ਗਿ੍ਫ਼ਤਾਰ, 5 ਕਿੱਲੋ ਸ਼ੱਕੀ ਹੈਰੋਇਨ ਬਰਾਮਦ
ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ. ਆਰ.
ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ)-ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਫਗਵਾੜਾ ਦੇ ਆਸ਼ੀਸ਼ ਹੋਟਲ ਨੇੜਿਉਂ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਪੰਜ ਕਿੱਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ , ਜਿੱਥੇ ਅਦਾਲਤ ਨੇ ਅਗਲੀ ਪੁੱਛਗਿੱਛ ਲਈ ਉਨ੍ਹਾਂ ਦਾ ਡੀ.ਆਰ.ਆਈ. ਨੂੰ ਰਿਮਾਂਡ ਦੇ ਦਿੱਤਾ | ਮੁਲਜ਼ਮਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ, ਨਿਤੀਸ਼, ਅਨੀਸ਼ ਕੁਮਾਰ ਅਤੇ ਦੀਪਕ ਕੁਮਾਰ ਵਜੋਂ ਹੋਈ ਹੈ | ਚਾਰਾਂ ਨੂੰ ਸਬ-ਡਵੀਜ਼ਨਲ ਜੁਡੀਸ਼ਲ ਮੈਜਿਸਟ੍ਰੇਟ ਸੁਪਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | 22 ਅਕਤੂਬਰ ਨੂੰ ਜਾਰੀ ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਡੀ.ਆਰ.ਆਈ. ਨੇ ਮਾਮਲੇ ਦੀ ਹੋਰ ਜਾਂਚ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ | ਇਸ ਮਾਮਲੇ ਵਿਚ ਵਿਸ਼ੇਸ਼ ਸਰਕਾਰੀ ਵਕੀਲ ਪੁਨੀਤ ਸਰੀਨ ਅਤੇ ਜਾਂਚ ਅਧਿਕਾਰੀ ਨਿਧਾਨ ਸਿੰਘ ਅਦਾਲਤ ਵਿਚ ਪੇਸ਼ ਹੋਏ | ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਸਬੰਧੀ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (ਐੱਨਡੀਪੀਐੱਸ) ਐਕਟ, 1985 ਦੀਆਂ ਧਾਰਾਵਾਂ 8, 21, 28, 29, 37, 60 ਅਤੇ 61 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜਾਂਚ ਏਜੰਸੀ ਵੱਲੋਂ ਹੁਣ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੇ ਸਰੋਤ, ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ ਅਤੇ ਇਸ ਮਾਮਲੇ ਵਿਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਬੰਧੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ | ਹਾਲਾਂਕਿ, ਅਦਾਲਤੀ ਦਸਤਾਵੇਜ਼ਾਂ ਵਿਚ ਨਸ਼ੀਲੇ ਪਦਾਰਥ ਦੀ ਸਪਲਾਈ ਚੇਨ ਜਾਂ ਕਿਸੇ ਵੱਡੇ ਤਸਕਰੀ ਨੈੱਟਵਰਕ ਨਾਲ ਸੰਬੰਧਾਂ ਬਾਰੇ ਕੋਈ ਖ਼ਾਸ ਜਾਣਕਾਰੀ ਸਾਹਮਣੇ ਨਹੀਂ ਆਈ | ਅਦਾਲਤ ਵੱਲੋਂ ਦਿੱਤੇ ਗਏ ਰਿਮਾਂਡ ਦੌਰਾਨ ਡੀ.ਆਰ.ਆਈ. ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ |