ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਲਗਾਇਆ ਸਫ਼ਾਈ ਕੈਂਪ
ਸੁਲਤਾਨਪੁਰ ਲੋਧੀ, 3 ਅਕਤੂਬਰ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ , ਸੁਲਤਾਨਪੁਰ ਲੋਧੀ ਵਿਖੇ ਐਨ. ਐਸ ਐਸ ਵਿਭਾਗ ਅਤੇ ਈਕੋ ਕਲੱਬ ਵੱਲੋਂ ‘’ਸਵੱਛਤਾ ਹੀ ਸੇਵਾ ‘’ ਮੁਹਿੰਮ ਦੇ ਅਧੀਨ ਇੱਕ ਦਿਨ ਦਾ ਸਫ਼ਾਈ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਕੈਂਪ ਦੀ ਸ਼ੁਰੂਆਤ ਕਾਲਜ ਦੇ ਵਿਹੜੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸਫ਼ਾਈ ਨਾਲ ਕੀਤੀ ਗਈ | ਵਿਦਿਆਰਥੀਆਂ ਨੇ ਕੂੜਾ ਇਕੱਠਾ ਕੀਤਾ ਅਤੇ ਉਸ ਨੂੰ ਗਿੱਲੇ ਤੇ ਸੁੱਕੇ ਕੂੜੇ ਵਿਚ ਵੱਖ-ਵੱਖ ਕੀਤਾ | ਕਲਾਸ ਰੂਮਾਂ, ਕਿਆਰੀਆਂ ਅਤੇ ਖੇਡ ਮੈਦਾਨ ਦੀ ਵੀ ਸਫ਼ਾਈ ਕੀਤੀ ਗਈ | ਇਸ ਕੈਂਪ ਦੌਰਾਨ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਸਬੀਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਕੂੜਾ ਇੱਧਰ-ਉੱਧਰ ਨਾ ਸੁੱਟਣ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਵਿਦਿਆਰਥੀਆਂ ਨੇ ‘’ਸਾਫ਼ ਕਾਲਜ, ਸਿਹਤਮੰਦ ਸਮਾਜ’’ ਦਾ ਸੰਦੇਸ਼ ਵੀ ਦਿੱਤਾ | ਪਿ੍ੰ: ਜਸਬੀਰ ਕੌਰ ਨੇ ਕਿਹਾ ਕਿ ਕੈਂਪ ਰਾਹੀਂ ਵਿਦਿਆਰਥੀਆਂ ਵਿਚ ਸਫ਼ਾਈ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਈ ਅਤੇ ਇਹ ਕੈਂਪ ਸਾਰਿਆਂ ਲਈ ਇੱਕ ਪ੍ਰੇਰਣਾਦਾਇਕ ਅਨੁਭਵ ਰਿਹਾ | ਇਸ ਦੌਰਾਨ ਪ੍ਰੋ: ਜਸਬੀਰ ਕੌਰ, ਪ੍ਰੋ: ਕੁਲਵਿੰਦਰ ਕੌਰ ਤੇ ਹੋਰ ਸਟਾਫ਼ ਮੌਜੂਦ ਸਨ |