ਸਰਕਾਰੀ ਕਾਲਜ ਵਿਖੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਐਨ. ਐਸ.
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਐਨ.ਐਸ.ਐਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਵਲੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਤੇ ਸਮਾਜ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ਹੀਦ ਕਾਂਸਟੇਬਲ ਹਰਪਾਲ ਸਿੰਘ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਮੰਜੂ ਕਪੂਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਵਿਚ ਸ਼ਹੀਦ ਕਾਂਸਟੇਬਲ ਹਰਪਾਲ ਸਿੰਘ ਦੀ ਧਰਮਪਤਨੀ ਸੁਰਜੀਤ ਕੌਰ ਤੇ ਉਨ੍ਹਾਂ ਦੇ ਸਪੁੱਤਰ ਜਗਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਪੁਲਿਸ ਟਰੇਨਿੰਗ ਇੰਚਾਰਜ ਹਰਮੰਦਰ ਸਿੰਘ ਤੇ ਸਹਾਇਕ ਇੰਚਾਰਜ ਸਦਰ ਥਾਣਾ ਸ੍ਰੀ ਮੁਕਤਸਰ ਸਾਹਿਬ ਦਰਸ਼ਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ, ਪ੍ਰੋਗਰਾਮ ਅਫ਼ਸਰਾਂ ਤੇ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੇ ਪ੍ਰਿੰਸੀਪਲ ਮੰਜੂ ਕਪੂਰ, ਪੁਲਿਸ ਅਧਿਕਾਰੀਆਂ ਤੇ ਸ਼ਹੀਦ ਦੇ ਪਰਿਵਾਰ ਨਾਲ ਮਿਲ ਕੇ ਕਾਂਸਟੇਬਲ ਹਰਪਾਲ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਮੌਕੇ ਪੁਲਿਸ ਬੈਂਡ ਦੀ ਟੀਮ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਸਲਾਮੀ ਦਿੱਤੀ ਗਈ। ਬੈਂਡ ਮਾਸਟਰ ਨਾਇਬ ਸਿੰਘ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕਰਕੇ ਮਾਹੌਲ ਨੂੰ ਭਾਵੁਕ ਅਤੇ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ।