ਸਮੇਂ ਸਿਰ ਸ਼ੂਗਰ ਦਾ ਇਲਾਜ ਦਿਲ, ਗੁਰਦਿਆਂ ਤੇ ਅੱਖਾਂ ਨੂੰ ਸੁਰੱਖਿਅਤ ਰੱਖਦਾ-ਡਾ. ਈਸ਼ਾ ਅਰੋੜਾ
ਜਲੰਧਰ, 13 ਨਵੰਬਰ (ਐੱਮ. ਐੱਸ.
ਜਲੰਧਰ, 13 ਨਵੰਬਰ (ਐੱਮ. ਐੱਸ. ਲੋਹੀਆ)-ਸ਼ੂਗਰ (ਡਾਇਬਟੀਜ਼) ਨੂੰ ਆਮ ਤੌਰ ‘ਤੇ ਹਾਈ ਬਲੱਡ ਸ਼ੂਗਰ ਦੀ ਸਮੱਸਿਆ ਮੰਨਿਆ ਜਾਂਦਾ ਹੈ, ਜਿਸ ਨੂੰ ਨਿਯਮਤ ਦਵਾਈਆਂ ਤੇ ਖਾਣ-ਪੀਣ ਦੀਆਂ ਆਦਤਾਂ ਵਿਚ ਕੁਝ ਬਦਲਾਅ ਕਰਕੇ ਕੰਟਰੋਲ ਕੀਤਾ ਜਾਂਦਾ ਹੈ। ਫੋਰਟਿਸ ਹਸਪਤਾਲ ਜਲੰਧਰ ਦੀ ਕੰਸਲਟੈਂਟ, ਐਂਡੋਕ੍ਰਾਈਨੋਲੋਜੀ ਡਾ. ਈਸ਼ਾ ਅਰੋੜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ, ਸਮੇਂ ਦੇ ਨਾਲ ਇਹ ਬਿਮਾਰੀ ਚੁੱਪਚਾਪ ਦਿਲ, ਗੁਰਦਿਆਂ, ਅੱਖਾਂ ਤੇ ਨਸਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਕਸਰ ਸ਼ੁਰੂਆਤੀ ਦੌਰ ਵਿਚ ਇਸ ਦੇ ਕੋਈ ਲੱਛਣ ਵੀ ਦਿਖਾਈ ਨਹੀਂ ਦਿੰਦੇ। ਵਿਸ਼ਵ ਡਾਇਬਟੀਜ਼ ਦਿਵਸ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਨਿਯਮਤ ਜਾਂਚ ਉਨ੍ਹਾਂ ਲੋਕਾਂ ਲਈ ਵੀ ਮਹੱਤਵਪੂਰਨ ਹੈ, ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ, “ਸ਼ੂਗਰ ਨੂੰ ਸਿਰਫ਼ ਖੰਡ ਦੀ ਸਮੱਸਿਆ ਵਜੋਂ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਸ ਕਾਰਨ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਣ ਦੀ ਪ੍ਰਕਿਰਿਆ ਕਈ ਸਾਲਾਂ ਤੱਕ ਚੁੱਪਚਾਪ ਚੱਲ ਸਕਦੀ ਹੈ ਤੇ ਇਸ ਦੇ ਚੇਤਾਵਨੀ ਸੰਕੇਤ ਵੀ ਦਿਖਾਈ ਨਹੀਂ ਦਿੰਦੇ। ਇਹ ਬਿਮਾਰੀ ਸ਼ੁਰੂਆਤੀ ਪੜਾਵਾਂ ’ਚ ਬਿਨਾਂ ਕਿਸੇ ਸਪੱਸ਼ਟ ਲੱਛਣ ਦੇ ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ ਨਿਯਮਤ ਸਿਹਤ ਜਾਂਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਦਾ ਪ੍ਰਬੰਧਨ ਸਿਰਫ਼ ਸ਼ੂਗਰ ਲੈਵਲ ਦੀ ਨਿਗਰਾਨੀ ਤੱਕ ਸੀਮਤ ਨਹੀਂ ਹੈ। ਨਿਯਮਤ ਜਾਂਚ ਨਾਲ ਪੇਚੀਦਗੀਆਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ ਅਤੇ ਢੁਕਵਾਂ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਵੀ ਉਨਾ ਹੀ ਜ਼ਰੂਰੀ ਹੈ ਕਿ ਦਵਾਈਆਂ ਦੇ ਡਰ ਕਾਰਨ ਇਲਾਜ ਵਿੱਚ ਦੇਰੀ ਨਾ ਕਰੋ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਤੈਅ ਕੀਤੀਆਂ ਦਵਾਈਆਂ ਬੰਦ ਨਾ ਕਰੋ।”