ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਅਤੇ ਅਰਦਾਸ ਕਰਨ ਲਈ ਜਲੰਧਰ ਤੋਂ ਜਥਾ ਰਵਾਨਾ
ਜਲੰਧਰ, 11 ਅਕਤੂਬਰ (ਐੱਮ. ਐੱਸ.
ਜਲੰਧਰ, 11 ਅਕਤੂਬਰ (ਐੱਮ. ਐੱਸ. ਲੋਹੀਆ) - ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ’ਚ ਹੋਏ ਵਰਤਾਰੇ ਤੋਂ ਬਾਅਦ ਪਿੱਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਦੇ ਬਾਹਰ ਸਿੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ, ਇਸੇ ਸੰਬੰਧ ’ਚ ਅੱਜ ਸਿੱਖ ਜਥੇਬੰਦੀਆਂ ਦਾ 251 ਮੈਂਬਰੀ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਦੇਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਪੁੱਜਾ। ਇਸ ਜੱਥੇ ’ਚ ਸ਼ਾਮਲ ਹੋਣ ਲਈ ਜਲੰਧਰ ਤੋਂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਅਮਰਜੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ ’ਚ ਇਕ ਜੱਥਾ ਅੱਜ ਸਵੇਰੇ ਰਵਾਨਾ ਹੋਇਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ, ਉਸ ਸਮੇਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਨਿਗਾਰ ਆਉਣ ਲੱਗਾ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸ. ਧਾਮੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੰਦੇ ਅਤੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੁੰਦੀ ਉਦੋਂ ਤੱਕ ਆਮ ਸਿੱਖਾਂ ਦਾ ਇਸ ਪ੍ਰਬੰਧ ’ਤੇ ਵਿਸ਼ਵਾਸ ਬਹਾਲ ਨਹੀਂ ਹੋ ਸਕਦਾ। ਇਸ ਮੌਕੇ ਗੁਰਦੀਪ ਸਿੰਘ (ਕਾਲੀਆ ਕਲੋਨੀ), ਜਸਵਿੰਦਰ ਸਿੰਘ ਜੱਸਾ, ਹਰਪਾਲ ਸਿੰਘ ਪਾਲੀ, ਤਜਿੰਦਰ ਸਿੰਘ (ਸੰਤ ਨਗਰ), ਹਰਪ੍ਰੀਤ ਸਿੰਘ ਸੋਨੂੰ, ਪਲਵਿੰਦਰ ਸਿੰਘ, ਬਾਬਾ ਰਣਜੀਤ ਸਿੰਘ (ਰਾਜ ਨਗਰ) ਅਤੇ ਵੱਡੀ ਗਿਣਤੀ ’ਚ ਸੰਗਤ ਸ਼ਾਮਿਲ ਹੋਈ।