ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਸੰਬੰਧੀ ਕਰਵਾਏ ਵਿਸ਼ੇਸ਼ ਸਮਾਗਮ
ਜਲੰਧਰ, 10 ਨਵੰਬਰ (ਐੱਮ. ਐੱਸ.
ਜਲੰਧਰ, 10 ਨਵੰਬਰ (ਐੱਮ. ਐੱਸ. ਲੋਹੀਆ) - ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ। ਸਮਾਗਮਾਂ ਦੌਰਾਨ ਸਵੇਰ ਦੇ ਦੀਵਾਨ ’ਚ ਸਮਰੀਤ ਸਿੰਘ ਦੇ ਪਰਿਵਾਰ ਵਲੋਂ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਅਮਰਿੰਦਰ ਸਿੰਘ ਦੇ ਜਥੇ ਤੇ ਹਜ਼ੂਰੀ ਰਾਗੀ ਜਥਿਆਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਗਿਆਨੀ ਸਾਹਿਬ ਸਿੰਘ ਲੱਖਣਾ ਤੇ ਗਿਆਨੀ ਦਲਬੀਰ ਸਿੰਘ ਨੇ ਸੰਗਤ ਨੂੰ ਗੁਰਮਤਿ ਵੀਚਾਰਾਂ ਦੁਆਰਾ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਗੁਰ-ਇਤਿਹਾਸ ਤੋਂ ਜਾਣੂ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਸਮੂਹ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਾਵਨ ਦਿਹਾੜੇ ਦੀ ਵਧਾਈ ਦਿੱਤੀ ਅਤੇ ਆਏ ਹੋਏ ਜਥਿਆਂ ਦਾ ਧੰਨਵਾਦ ਕੀਤਾ। ਬੇਅੰਤ ਸਿੰਘ ਸਰਹੱਦੀ ਨੇ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਕੀਤੇ ਗਏ 52 ਰਾਜਿਆਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ ਆਜ਼ਾਦ ਕਰਵਾਉਣ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸਮਾਗਮ ਦੌਰਾਨ ਬੀਬੀ ਸਿਮਰਜੀਤ ਕੌਰ ਲੁਬਾਣਾ ਨੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਵਿਤਾ ਸਰਵਣ ਕ ਰਵਾਈ। ਰਾਤ ਸਮੇਂ ਸਜਾਏ ਵਿਸ਼ੇਸ਼ ਦੀਵਾਨ ’ਚ ਭਾਈ ਜਸਪਾਲ ਸਿੰਘ (ਰਾਜ ਨਗਰ) ਅਤੇ ਪ੍ਰੋਫੈਸਰ ਮਨਜਿੰਦਰ ਕੌਰ ਦੇ ਜਥੇ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਲਗਾਈ। ਰਾਤ ਸਮੇਂ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਦਾ ਆਲੌਕਿਕ ਦ੍ਰਿਸ਼ ਦੇਖਣਯੋਗ ਰਿਹਾ।