ਝੋਨੇ ਦੀ ਸਰਕਾਰੀ ਖ਼ਰੀਦ ਨਾ ਸ਼ੁਰੂ ਹੋਣ ’ਤੇ ਕਿਸਾਨਾਂ ਵਲੋਂ ਰੋਸ
ਟੋਹਾਣਾ, 5 ਅਕਤੂਬਰ (ਮਨਜੀਤ ਸਿੰਘ)- ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਤੇ ਖ਼ਰੀਦ ਦੀ ਹੱਦ ਘੱਟ ਰੱਖੇ ਜਾਣ ਤੋਂ ਨਾਰਾਜ਼ ਕਿਸਾਨਾਂ ਵੱਲੋਂ ਜਾਖਲ ਵਿਖੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਤੇ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ।
ਟੋਹਾਣਾ, 5 ਅਕਤੂਬਰ (ਮਨਜੀਤ ਸਿੰਘ)- ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਤੇ ਖ਼ਰੀਦ ਦੀ ਹੱਦ ਘੱਟ ਰੱਖੇ ਜਾਣ ਤੋਂ ਨਾਰਾਜ਼ ਕਿਸਾਨਾਂ ਵੱਲੋਂ ਜਾਖਲ ਵਿਖੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਤੇ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਪਹੁੰਚਣੀ ਸ਼ੁਰੂ ਹੋ ਗਈ ਹੈ ਪਰ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਰਟਲ ’ਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਬਲਾਕ ਜਾਖਲ ਦੇ ਪ੍ਰਧਾਨ ਲਾਭ ਸਿੰਘ ਉਦੈਪੁਰ ਨੇ ਕਿਹਾ ਕਿ ਖੇਤਾਂ ਵਿਚ ਇਸ ਵਾਰ ਝੋਨੇ ਦੀ ਪੈਦਾਵਾਰ ਪ੍ਰਤੀ ਏਕੜ ਲਗਭਗ 36 ਤੋਂ 40 ਕੁਇੰਟਲ ਤੱਕ ਹੋ ਰਹੀ ਹੈ ਜਦਕਿ ਸਰਕਾਰ ਵੱਲੋਂ ਸਰਕਾਰੀ ਖ਼ਰੀਦ ਲਈ ਨਿਰਧਾਰਤ ਹੱਦ ਇਸ ਤੋਂ ਕਾਫ਼ੀ ਘੱਟ ਹੈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਪੂਰੀ ਫ਼ਸਲ ਸਰਕਾਰੀ ਭਾਅ ’ਤੇ ਵੇਚਣ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਖ਼ਰੀਦ ਦੀ ਹੱਦ ਵਧਾ ਕੇ 36 ਕੁਇੰਟਲ ਪ੍ਰਤੀ ਏਕੜ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਪੂਰੀ ਫ਼ਸਲ ਸਰਕਾਰੀ ਭਾਅ ’ਤੇ ਵੇਚਣ ਦਾ ਮੌਕਾ ਮਿਲ ਸਕੇ। ਉਨ੍ਹਾਂ ਪੋਰਟਲ ਨਾਲ ਸਬੰਧਤ ਖਾਮੀਆਂ ਨੂੰ ਵੀ ਤੁਰੰਤ ਦੂਰ ਕਰਨ ਦੀ ਮੰਗ ਕੀਤੀ। ਲਾਭ ਸਿੰਘ ਉਦੈਪੁਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 6 ਅਕਤੂਬਰ ਨੂੰ ਜਾਖਲ ਵਿਖੇ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਬਲਕਾਰ ਸਿੰਘ, ਨਸੀਬ ਸਰੋਏ ਸਮੇਤ ਹੋਰ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਸਨ।