ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਵਿਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ- ਆਲ ਇੰਡੀਆ ਕਿਸਾਨ ਸਭਾ
ਯਮੁਨਾਨਗਰ, 28 ਸਤੰਬਰ (ਗੁਰਦਿਆਲ ਸਿੰਘ ਨਿਮਰ)- ਅੱਜ ਸਵੇਰੇ ਆਲ ਇੰਡੀਆ ਕਿਸਾਨ ਸਭਾ ਦੇ ਇਕ ਵਫ਼ਦ ਨੇ ਸੂਬਾ ਪ੍ਰਧਾਨ ਗੁਰਭਜਨ ਸਿੰਘ ਦੀ ਅਗਵਾਈ ਵਿਚ ਬਿਲਾਸਪੁਰ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਕਿਸਾਨਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਤੇ ਮੰਡੀ ਵਿਚ ਆਉਣ ਵਾਲੀ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ।
ਯਮੁਨਾਨਗਰ, 28 ਸਤੰਬਰ (ਗੁਰਦਿਆਲ ਸਿੰਘ ਨਿਮਰ)- ਅੱਜ ਸਵੇਰੇ ਆਲ ਇੰਡੀਆ ਕਿਸਾਨ ਸਭਾ ਦੇ ਇਕ ਵਫ਼ਦ ਨੇ ਸੂਬਾ ਪ੍ਰਧਾਨ ਗੁਰਭਜਨ ਸਿੰਘ ਦੀ ਅਗਵਾਈ ਵਿਚ ਬਿਲਾਸਪੁਰ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਕਿਸਾਨਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਤੇ ਮੰਡੀ ਵਿਚ ਆਉਣ ਵਾਲੀ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਮੰਡੀ ਵਿਚ ਆਉਣ ਵਾਲੇ ਝੋਨੇ ਦੀ ਖਰੀਦ ਨਿਯਮਾਂ ਅਨੁਸਾਰ ਸਹੀ ਢੰਗ ਨਾਲ ਕੀਤੀ ਜਾਵੇ ਤੇ ਕਿਸਾਨਾਂ ਦੀ ਫ਼ਸਲ ਦੀ ਨਮੀ ਦੀ ਜਾਂਚ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ, ਮਾਰਕੀਟ ਕਮੇਟੀ ਦੇ ਸਕੱਤਰ ਦਾ ਧਿਆਨ ਮੰਡੀ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬਾਥਰੂਮ ਤੇ ਪਖਾਨਿਆਂ, ਸਾਫ਼-ਸਫ਼ਾਈ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਢੁਕਵੇਂ ਪ੍ਰਬੰਧਾਂ ਵੱਲ ਵੀ ਖਿੱਚਿਆ ਗਿਆ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਗੁਰਭਜਨ ਸਿੰਘ ਨੇ ਕਿਹਾ ਕਿ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਹ ਯਕੀਨੀ ਬਣਾਉਣ ਲਈ ਕਿਸਾਨ ਸਭਾ ਹਰਿਆਣਾ ਭਰ ਦੇ ਮੰਡੀਆਂ ਵਿਚ ਜਾਵੇਗੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੇ ਸੰਬੰਧਿਤ ਅਧਿਕਾਰੀਆਂ ਸਾਹਮਣੇ ਚੁੱਕੇਗੀ। ਮਾਰਕੀਟ ਕਮੇਟੀ ਬਿਲਾਸਪੁਰ ਦੇ ਸਕੱਤਰ ਨੇ ਵਫ਼ਦ ਦੇ ਸਾਰੇ ਨੁਕਤਿਆਂ ਨੂੰ ਧਿਆਨ ਨਾਲ ਸੁਣਿਆ। ਆਲ ਇੰਡੀਆ ਕਿਸਾਨ ਸਭਾ ਨੇ ਕਿਹਾ ਕਿ ਕਿਸਾਨ ਦੀ ਫ਼ਸਲ ਦੀ ਸਹੀ ਖਰੀਦ ਨੂੰ ਯਕੀਨੀ ਬਣਾਉਣਾ ਤੇ ਮੰਡੀ ਵਿਚ ਸਨਮਾਨਜਨਕ ਸਹੂਲਤਾਂ ਪ੍ਰਦਾਨ ਕਰਨਾ ਸੰਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਹੈ ਤੇ ਕਿਸਾਨ ਸਭਾ ਕਿਸਾਨਾਂ ਦੇ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।