ਭਾਰਤੀ ਏ . ਆਈ . ਕੰਪਨੀ ‘ ਫਾਇੰਡ ’ ਦਾ ਬਰਤਾਨਵੀ ਫੈਸ਼ਨ ਕੰਪਨੀ ‘ ਐੱਨ ਬ੍ਰਾਊਨ ’ ਨਾਲ ਅਹਿਮ ਸਮਝੌਤਾ
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)– ਮੁੰਬਈ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.)
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)– ਮੁੰਬਈ ਸਥਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਕੰਪਨੀ ‘ਫਾਇੰਡ’ ਨੇ ਬਰਤਾਨੀਆ ਦੀ ਪ੍ਰਮੁੱਖ ਫੈਸ਼ਨ ਅਤੇ ਪ੍ਰਚੂਨ ਵਪਾਰ ਕੰਪਨੀ ‘ਐੱਨ ਬ੍ਰਾਊਨ’ ਨਾਲ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਸਵੈਚਾਲਿਤ ਬਣਾਉਣ ਲਈ ਅਹਿਮ ਸਮਝੌਤਾ ਕੀਤਾ ਹੈ। ਬਰਤਾਨਵੀ ਪ੍ਰਚੂਨ ਬਾਜ਼ਾਰ ਵਿਚ ਦਾਖ਼ਲ ਹੋਣ ਤੋਂ ਬਾਅਦ ਭਾਰਤੀ ਕੰਪਨੀ ਦਾ ਇਹ ਪਹਿਲਾ ਵੱਡਾ ਪ੍ਰਚੂਨ ਵਪਾਰਕ ਸਮਝੌਤਾ ਹੈ। ਮਾਨਚੈਸਟਰ ਸਥਿਤ ਐੱਨ ਬ੍ਰਾਊਨ, ਜਿਸ ਦੇ ਪ੍ਰਮੁੱਖ ਬ੍ਰਾਂਡਾਂ ਵਿਚ ਜੇਡੀ ਵਿਲੀਅਮਜ਼, ਸਿੰਪਲੀ ਬੀ ਅਤੇ ਜੈਕਾਮੋ ਸ਼ਾਮਲ ਹਨ, ਭਾਰਤੀ ਕੰਪਨੀ ਦੇ ‘ਬੋਲਟਿਕ’ ਤਕਨੀਕੀ ਪਲੇਟਫਾਰਮ ਦੀ ਵਰਤੋਂ ਕਰੇਗੀ। ਇਸ ਨਾਲ ਆਨਲਾਈਨ ਆਰਡਰਾਂ, ਸਾਮਾਨ ਦੇ ਭੰਡਾਰ, ਡਲਿਵਰੀ ਅਤੇ ਵਾਪਸੀ ਦੀਆਂ ਪ੍ਰਕਿਰਿਆਵਾਂ ਨੂੰ ਵਧੇਰੇ ਸੁਚਾਰੂ ਬਣਾਇਆ ਜਾਵੇਗਾ। ਗਾਹਕਾਂ ਦਾ ਡਾਟਾ ਬਰਤਾਨੀਆ ਵਿਚ ਹੀ ਸੁਰੱਖਿਅਤ ਰੱਖਿਆ ਜਾਵੇਗਾ। ਮਾਨਚੈਸਟਰ ਵਿਚ ਭਾਰਤ ਦੀ ਕੌਂਸਲ ਜਨਰਲ ਵਿਸ਼ਾਖਾ ਯਾਦਵੰਸ਼ੀ ਨੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਭਾਰਤ ਅਤੇ ਉੱਤਰੀ ਇੰਗਲੈਂਡ ਵਿਚਾਲੇ ਅਜਿਹੇ ਹੋਰ ਵਪਾਰਕ ਸਹਿਯੋਗ ਦੀ ਉਮੀਦ ਪ੍ਰਗਟਾਈ। ਰਿਲਾਇੰਸ ਰਿਟੇਲ ਦੀ ਹਮਾਇਤ ਪ੍ਰਾਪਤ ‘ਫਾਇੰਡ’ ਵਿਸ਼ਵ ਭਰ ਵਿਚ 20 ਹਜ਼ਾਰ ਤੋਂ ਵੱਧ ਸਟੋਰਾਂ ਅਤੇ 300 ਤੋਂ ਵੱਧ ਪ੍ਰਚੂਨ ਕੰਪਨੀਆਂ ਨੂੰ ਤਕਨੀਕੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।