ਅਮਰੀਕੀਆਂ ਨਾਲ ਕਰੋੜਾਂ ਡਾਲਰ ਦੀ ਠੱਗੀ ਕਰਨ ਵਾਲੇ ਗਰੋਹਾਂ ਖ਼ਿਲਾਫ਼ ਐਫ . ਬੀ . ਆਈ . ਦੀ ਵੱਡੀ ਕਾਰਵਾਈ - 28 ਗ੍ਰਿਫ਼ਤਾਰ
ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ. ਬੀ.
ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ.ਬੀ.ਆਈ. ਨੇ ਅੰਤਰਰਾਸ਼ਟਰੀ ਪੱਧਰ ’ਤੇ ਆਨਲਾਈਨ ਠੱਗੀਆਂ ਕਰਨ ਵਾਲੇ ਗਰੋਹਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 28 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਕਰੋੜਾਂ ਡਾਲਰ ਦੀ ਠੱਗੀ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ ਅਤੇ ਲੱਖਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਜਾ ਰਹੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰਵਾਏ ਗਏ ਹਨ। ਐੱਫ.ਬੀ.ਆਈ. ਅਨੁਸਾਰ ਇਹ ਕਾਰਵਾਈ ‘ਆਪ੍ਰੇਸ਼ਨ ਬਲੈਕਆਊਟ’ ਤਹਿਤ ਕੀਤੀ ਗਈ, ਜਿਸ ਦਾ ਮਕਸਦ ਅਮਰੀਕੀ ਨਾਗਰਿਕਾਂ ਨਾਲ ਆਨਲਾਈਨ ਧੋਖਾਧੜੀ ਕਰਨ ਵਾਲੇ ਅੰਤਰਰਾਸ਼ਟਰੀ ਗਰੋਹਾਂ ਨੂੰ ਖ਼ਤਮ ਕਰਨਾ ਹੈ। ਇਸ ਮੁਹਿੰਮ ਦੀ ਅਗਵਾਈ ਲੰਡਨ ਤੋਂ ਕੀਤੀ ਗਈ, ਜਦਕਿ ਗ੍ਰਿਫ਼ਤਾਰੀਆਂ ਅਫ਼ਰੀਕੀ ਦੇਸ਼ਾਂ ਘਾਨਾ ਅਤੇ ਨਾਈਜੀਰੀਆ ਵਿਚ ਹੋਈਆਂ। ਜਾਂਚ ਏਜੰਸੀ ਨੇ ਦੱਸਿਆ ਕਿ ਕਾਰਵਾਈ ਦੌਰਾਨ ਸੈਂਕੜੇ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਗਏ ਅਤੇ ਕਰੀਬ ਇਕ ਕਰੋੜ 10 ਲੱਖ ਡਾਲਰ ਦੀ ਅਜਿਹੀ ਰਕਮ ਦੀ ਪਛਾਣ ਕੀਤੀ ਗਈ ਹੈ, ਜਿਸ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਕਿ ਇਸ ਵਿਚੋਂ ਕਿੰਨੀ ਰਕਮ ਜ਼ਬਤ ਹੋਵੇਗੀ ਅਤੇ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਕਿੰਨਾ ਪੈਸਾ ਵਾਪਸ ਮਿਲ ਸਕੇਗਾ। ਐੱਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਅੰਤਰਰਾਸ਼ਟਰੀ ਗਰੋਹਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ। ਇਸ ਮੁਹਿੰਮ ਵਿਚ ਅਮਰੀਕਾ ਦੇ ਨਿਆਂ ਵਿਭਾਗ, ਸੀਕ੍ਰੇਟ ਸਰਵਿਸ, ਖ਼ਜ਼ਾਨਾ ਵਿਭਾਗ ਅਤੇ ਹੋਮਲੈਂਡ ਸਕਿਉਰਿਟੀ ਸਮੇਤ ਆਸਟ੍ਰੇਲੀਆ, ਕੈਨੇਡਾ, ਭਾਰਤ, ਘਾਨਾ, ਨਾਈਜੀਰੀਆ, ਨਿਊਜ਼ੀਲੈਂਡ ਅਤੇ ਇੰਟਰਪੋਲ ਦੀਆਂ ਏਜੰਸੀਆਂ ਨੇ ਵੀ ਸਹਿਯੋਗ ਦਿੱਤਾ।