16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਦਾ ਤੁਰ ਗਿਆ ਪਰਵਿੰਦਰ ਸਿੰਘ ਝੋਟਾ

ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਦਾ ਤੁਰ ਗਿਆ ਪਰਵਿੰਦਰ ਸਿੰਘ ਝੋਟਾ

Ad Position 21
No active advertisement
ਅਜੀਤ ਡੈਸਕ 17-10-2026

ਆਖ਼ਰ ਨੂੰ  ਉਹ ਆਵਾਜ਼ ਹਮੇਸ਼ਾ ਲਈ ਖ਼ਾਮੋਸ਼ ਹੋ ਗਈ ਜਾਂ ਕਰ ਦਿੱਤੀ ਗਈ, ਜਿਸ ਨੇ ਸਭ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੁਣ ਤੱਕ ਨਸ਼ਿਆਂ ਵਿਰੁੱਧ ਹੋਕਾ ਦਿੱਤਾ | ਇਹ ਉਹ ਆਵਾਜ਼ ਸੀ, ਜਿਸ ਨੇ ਸਮਾਜ ਨੂੰ  ਨਸ਼ਿਆਂ ਖ਼ਿਲਾਫ਼ ਹਲੂਣਾ ਦਿੱਤਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ  ਜਿਊਾਦੇ-ਜੀਅ ਵਖ਼ਤ ਪਾਈ ਰੱਖਿਆ, ਪਰ ਨਸ਼ਿਆਂ ਖ਼ਿਲਾਫ਼ ਸੰਘਰਸ਼ ਬਦਲੇ ਉਸ ਆਵਾਜ਼ ਨੂੰ  ਕੀ ਮਿਲਿਆ, ਹਮੇਸ਼ਾ ਲਈ ਖ਼ਾਮੋਸ਼ੀ | ਇਹ ਆਵਾਜ਼ ਸੀ ਪਰਵਿੰਦਰ ਸਿੰਘ ਦੀ, ਜਿਸ ਨੂੰ  ਅਕਸਰ ਪਰਵਿੰਦਰ ਸਿੰਘ ਝੋਟਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ | ਹਾਲਾਂਕਿ ਉਸ ਦੇ ਪਿਤਾ ਭੀਮ ਸਿੰਘ ਜੋ ਸਾਬਕਾ ਫ਼ੌਜੀ ਹਨ, ਨੇ ਸਰਕਾਰੇ-ਦਰਬਾਰੇ ਬਥੇਰਾ ਰੌਲ਼ਾ ਪਾਇਆ, ਹਾੜ੍ਹੇ ਕੱਢੇ ਕਿ ਉਸ ਦੇ ਪੁੱਤਰ ਦੀ ਜਾਨ ਨੂੰ  ਨਸ਼ਾ ਤਸਕਰਾਂ ਤੋਂ ਖ਼ਤਰਾ ਹੈ, ਪਰ ਉਸ ਦੇ ਪਿਤਾ ਦੀ ਆਵਾਜ਼ ਨੂੰ  ਵੀ ਕਿਸੇ ਨੇ ਨਹੀਂ ਸੁਣਿਆ ਤੇ ਆਖ਼ਰ ਉਹੀ ਭਾਣਾ ਵਰਤ ਗਿਆ, ਜਿਸ ਦਾ ਉਨ੍ਹਾਂ ਨੂੰ  ਡਰ ਸੀ ਤੇ ਚਿੱਟੇ ਦਿਨ ਪਰਵਿੰਦਰ ਸਿੰਘ ਝੋਟੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਨਸ਼ਿਆਂ ਖ਼ਿਲਾਫ਼ ਪਰਵਿੰਦਰ ਸਿੰਘ ਝੋਟੇ ਦੀ ਆਪਣੀ ਜੰਗ ਜਿੱਥੋਂ ਸ਼ੁਰੂ ਹੋਈ ਸੀ, ਉੱਥੇ ਹੀ ਖ਼ਤਮ ਹੋ ਗਈ, ਜਦੋਂ ਇਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਨੇ ਉਸ ਦੇ ਗੋਲੀਆਂ ਮਾਰ ਦਿੱਤੀਆਂ |

ਪਰਵਿੰਦਰ ਸਿੰਘ ਝੋਟਾ ਕੌਮੀ ਮੁੱਕੇਬਾਜ਼ ਵੀ ਰਿਹਾ ਹੈ | ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ 'ਚ ਗ੍ਰੈਜੂਏਸ਼ਨ ਦੌਰਾਨ ਉਸ ਨੇ ਇੰਟਰ ਕਾਲਜ ਮੁਕਾਬਲਿਆਂ ਵਿਚ ਚਾਰ ਵਾਰ ਸੋਨ ਤਗਮੇ ਜਿੱਤੇ ਤੇ ਯੂਨੀਵਰਸਿਟੀ ਪੱਧਰ 'ਤੇ ਵੀ ਤਗਮੇ ਪ੍ਰਾਪਤ ਕੀਤੇ | ਹਾਲਾਂਕਿ ਉਹ ਖ਼ੁਦ ਵੀ ਇਕ ਵਾਰ ਨਸ਼ਿਆਂ ਦੀ ਦਲਦਲ 'ਚ ਫਸ ਗਿਆ ਸੀ, ਪਰ ਛੇਤੀ ਹੀ ਉਸ ਨੇ ਆਪਣੇ-ਆਪ ਨੂੰ  ਇਸ ਦਲਦਲ 'ਚੋਂ ਉਦੋਂ ਬਾਹਰ ਕੱਢ ਲਿਆ, ਜਦੋਂ ਉਸ ਦੇ ਪਿੰਡ ਵਿਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨ ਲੜਕਿਆਂ ਦੀ ਮੌਤ ਹੋ ਗਈ ਸੀ | 'ਐਂਟੀ ਡਰੱਗ ਟਾਸਕ ਫੋਰਸ' ਦੇ ਮੈਂਬਰ ਪਰਵਿੰਦਰ ਸਿੰਘ ਝੋਟੇ ਨੇ 2021-22 ਵਿਚ ਨਸ਼ਿਆਂ ਖ਼ਿਲਾਫ਼ ਅਜਿਹਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਹੇਠ ਹੌਲੀ-ਹੌਲ਼ੀ ਮਾਨਸਾ ਭਰ ਵਿਚ ਉਸ ਦੇ ਹਮਾਇਤੀ ਬਣ ਗਏ | ਇਸੇ ਦੌਰਾਨ ਸਾਲ 2023 'ਚ ਅਸ਼ਵਨੀ ਕੁਮਾਰ ਜਿਸ 'ਤੇ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਹਨ ਅਤੇ ਉਸ 'ਤੇ ਕਈ ਅਦਾਲਤੀ ਕੇਸ ਵੀ ਚਲਦੇ ਹਨ, ਨਾਲ ਉਸ ਦਾ ਟਕਰਾਅ ਹੋ ਗਿਆ ਅਤੇ ਪੁਲਿਸ ਹਵਾਲੇ ਕਰਨ ਤੋਂ ਪਹਿਲਾਂ ਅਸ਼ਵਨੀ ਕੁਮਾਰ ਦੇ ਗਲ਼ ਵਿਚ ਜੁੱਤੀਆਂ ਦਾ ਹਾਰ ਪਾ ਕੇ ਪਰਵਿੰਦਰ ਸਿੰਘ ਝੋਟੇ ਨੇ ਉਸ ਨੂੰ  ਬਾਜ਼ਾਰ ਵਿਚ ਘੁੰਮਾਇਆ ਸੀ | ਇਸ ਤੋਂ ਬਾਅਦ ਉਸ ਨੇ ਹੋਰ ਮੈਡੀਕਲ ਸਟੋਰਾਂ ਵਾਲਿਆਂ ਦੇ ਵੀ ਭੇਤ ਖੋਲੇ੍ਹ, ਜੋ ਨਸ਼ੀਲੇ ਪਦਾਰਥ ਵੇਚਦੇ ਸਨ | ਪਰਵਿੰਦਰ ਸਿੰਘ ਝੋਟੇ ਦੀਆਂ ਸਰਗਰਮੀਆਂ ਤੋਂ ਨਸ਼ਾ ਤਸਕਰ ਔਖੇ ਸਨ ਅਤੇ ਪੁਲਿਸ ਤੰਤਰ ਵੀ | ਉਹ ਆਪਣੀਆਂ ਸਰਗਰਮੀਆਂ ਨੂੰ   ਲਾਈਵ ਵੀਡੀਓ ਜ਼ਰੀਏ ਅਕਸਰ ਦਿਖਾਉਂਦਾ ਰਹਿੰਦਾ ਸੀ ਅਤੇ ਜਿਸ ਸਮੇਂ ਅਸ਼ਵਨੀ ਕੁਮਾਰ ਦੀ ਦੁਕਾਨ ਵਿਚ ਉਸ ਦੀ ਹੱਤਿਆ ਕੀਤੀ ਗਈ, ਉਸ ਸਮੇਂ ਵੀ ਉਹ ਲਾਈਵ ਵੀਡੀਓ ਹੀ ਬਣਾ ਰਿਹਾ ਸੀ, ਜਿਸ ਕਾਰਨ ਇਹ ਸਾਰੀ ਘਟਨਾ ਰਿਕਾਰਡ ਹੋ ਗਈ | ਕਾਤਲ ਗੋਲੀਆਂ ਮਾਰਨ ਤੋਂ ਪਹਿਲਾਂ ਮੋਬਾਈਲ ਫ਼ੋਨ 'ਤੇ ਕਿਸੇ ਨਾਲ ਗੱਲ ਕਰਦਾ ਵੀ ਵਿਖਾਈ ਦਿੰਦਾ ਹੈ, ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ | ਉਹ ਕਿਸ ਨਾਲ ਗੱਲ ਕਰ ਰਿਹਾ ਸੀ, ਪਰ ਆਮ ਸਫ਼ਾਂ ਵਿਚ ਇਹ ਚਰਚਾ ਹੈ ਕਿ ਕਾਤਲ ਨੇ ਫ਼ੋਨ 'ਤੇ ਕਿਸੇ ਅਸਰ ਰਸੂਖ਼ ਵਾਲੇ ਵਿਅਕਤੀ ਤੋਂ ਗੋਲੀਆਂ ਮਾਰਨ ਦੀ ਇਜਾਜ਼ਤ ਲਈ ਹੋਵੇਗੀ | ਹਾਲਾਂਕਿ ਇਸ ਬਾਰੇ ਜਾਂਚ-ਪੜਤਾਲ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਤਲ 'ਤੇ ਪਹਿਲਾਂ ਵੀ ਚਾਰ ਕੇਸ ਦਰਜ ਹਨ |
ਉਸ ਦੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਮਸਤਮੌਲਾ ਬੰਦਾ ਸੀ, ਜੋ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦਾ ਸੀ | ਨਸ਼ਿਆਂ ਖ਼ਿਲਾਫ਼ ਲੜਨ ਕਰਕੇ ਉਸ ਕੋਲ ਅਕਸਰ ਹੀ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੇ ਮਾਪੇ ਪਹੁੰਚ ਕਰਕੇ ਆਪਣੀ ਕਹਾਣੀ ਬਿਆਨ ਕਰਦੇ ਸਨ | ਪਰਵਿੰਦਰ ਸਿੰਘ ਝੋਟਾ ਪੀੜਤ ਮਾਪਿਆਂ ਦੇ ਹੱਕ ਵਿਚ ਅਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਬੜੀ ਬੇਬਾਕੀ ਨਾਲ ਬੋਲਦਾ ਸੀ, ਜਿਸ ਕਾਰਨ ਨਸ਼ੀਲੀ ਸਮੱਗਰੀ ਵੇਚਣ ਵਾਲੇ ਮੈਡੀਕਲ ਸਟੋਰਾਂ ਦੇ ਮਾਲਕਾਂ ਤੇ ਨਸ਼ਾ ਤਸਕਰਾਂ ਨੇ ਤਾਂ ਤੰਗ-ਪ੍ਰੇਸ਼ਾਨ ਹੋਣਾ ਹੀ ਸੀ, ਪਰ ਨਾਲ ਹੀ ਪੁਲਿਸ ਵੀ ਉਸ ਤੋਂ ਦੁਖੀ ਸੀ | ਪਰਵਿੰਦਰ ਸਿੰਘ ਖ਼ਿਲਾਫ਼ 9 ਅਪਰਾਧਿਕ ਕੇਸ ਦਰਜ ਸਨ, ਜਿਨ੍ਹਾਂ 'ਚੋਂ ਪੰਜ ਕੇਸ ਤਾਂ ਉਸ 'ਤੇ ਨਸ਼ਿਆਂ ਖ਼ਿਲਾਫ਼ ਲੜਾਈ ਦੌਰਾਨ ਹੀ ਪਏ ਸਨ | ਇੱਥੇ ਸਵਾਲ ਖੜ੍ਹਾ ਹੁੰਦਾ ਹੈ, ਕਿ ਜੋ ਵਿਅਕਤੀ ਨਸ਼ਿਆਂ ਖ਼ਿਲਾਫ਼ ਘੋਲ ਵਿਚ ਕੁੱਦਿਆ ਹੋਇਆ ਸੀ, ਉਸ 'ਤੇ ਹੀ ਏਨੇ ਪਰਚੇ ਕਿਵੇਂ ਦਰਜ ਹੋ ਗਏ? ਹਾਲਾਂਕਿ ਕੁਝ ਮਾਮਲੇ ਅਦਾਲਤ ਨੇ ਸਬੂਤਾਂ ਦੀ ਕਮੀ ਦੇ ਆਧਾਰ 'ਤੇ ਰੱਦ ਕਰ ਦਿੱਤੇ ਸਨ |
ਨਸ਼ਿਆਂ ਖ਼ਿਲਾਫ਼ ਹਿੱਕ ਤਾਣ ਕੇ ਖੜ੍ਹਨ, ਲੜਨ ਤੇ ਮਰਨ ਵਾਲਾ 42 ਸਾਲਾਂ ਦਾ ਪਰਵਿੰਦਰ ਸਿੰਘ ਝੋਟਾ ਤਾਂ ਤੁਰ ਗਿਆ, ਪਰ ਪੰਜਾਬ ਲਈ ਕਈ ਵੱਡੇ ਸਵਾਲ ਛੱਡ ਗਿਆ ਕਿ ਇੱਥੇ ਨਸ਼ਿਆਂ ਦੇ ਬਿਆਨਾਂ 'ਤੇ ਬਣਨ ਵਾਲੀਆਂ ਸਰਕਾਰਾਂ ਆਖਰ ਨਸ਼ਿਆਂ ਨੂੰ  ਕਦੋਂ ਜੜ੍ਹੋਂ ਪੁੱਟਣਗੀਆਂ? ਕਦੋਂ ਤੱਕ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰੱਖੀ ਜਾਵੇਗੀ? ਕਦੋਂ ਤੱਕ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗਲਤਾਨ ਹੁੰਦੀ ਰਹੇਗੀ? ਇੱਥੇ ਜਵਾਨੀ ਬਚੇਗੀ ਵੀ ਜਾਂ ਨਹੀਂ? ਅਜਿਹੇ ਅਣਗਿਣਤ ਸਵਾਲ ਸਾਡੇ ਸਭ ਦੇ ਸਾਹਮਣੇ ਸਿਰ ਚੁੱਕ ਰਹੇ ਹਨ | ਬੇਸ਼ੱਕ ਪਹਿਲਾਂ ਦੀਆਂ ਸਰਕਾਰਾਂ ਨੇ ਨਸ਼ਿਆਂ ਦੇ ਖ਼ਾਤਮੇ ਲਈ ਅਨੇਕਾਂ ਯਤਨ ਕੀਤੇ ਅਤੇ ਮੌਜੂਦਾ ਸਰਕਾਰ ਨੇ ਤਾਂ ਪਿਛਲੇ ਸਾਲ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾਈ ਹੋਈ ਹੈ, ਜਿਸ ਅਧੀਨ ਹਜ਼ਾਰਾਂ ਕੇਸ ਦਰਜ ਕਰਕੇ ਹਜ਼ਾਰਾਂ ਹੀ ਗਿ੍ਫ਼ਤਾਰੀਆਂ ਪਾਈਆਂ ਗਈਆਂ ਹਨ | ਪਰ ਹੁਣ ਤੱਕ ਦੀਆਂ ਕਾਰਵਾਈਆਂ ਦੇ ਬਾਵਜੂਦ ਨਸ਼ਿਆਂ ਦੇ ਖ਼ਾਤਮੇ ਲਈ ਕਿਸੇ ਸਾਰਥਕ ਨਤੀਜੇ ਤੱਕ ਨਹੀਂ ਪਹੁੰਚਿਆ ਜਾ ਸਕਿਆ | ਪਿੰਡਾਂ ਦੀਆਂ ਸੱਥਾਂ ਵਿਚ ਆਮ ਲੋਕ ਚਰਚਾ ਹੈ, ਕਿ ਸਰਕਾਰ ਦੀ ਸਰਪ੍ਰਸਤੀ ਬਿਨਾਂ ਪੁਲਿਸ ਤੰਤਰ ਅਤੇ ਪੁਲਿਸ ਤੰਤਰ ਦੀ ਸਰਪ੍ਰਸਤੀ ਬਿਨਾਂ ਨਸ਼ਾ ਤਸਕਰ 'ਚੂੰ' ਵੀ ਨਹੀਂ ਕਰ ਸਕਦੇ | ਸੋ ਵੇਲਾ ਹੈ ਕਿ ਹੁਣ ਆਪੋ-ਆਪਣੇ ਮੁਫ਼ਾਦਾਂ ਤੋਂ ਉੱਪਰ ਉੱਠ ਕੇ ਛਲਣੀ ਹੋ ਰਹੀ ਇੱਥੋਂ ਦੀ ਜਵਾਨੀ ਨੂੰ  ਬਚਾਈਏ ਅਤੇ 'ਨਸ਼ਾ ਮੁਕਤ ਪੰਜਾਬ' ਬਣਾਈਏ |

-ਈ-ਮੇਲ  : shahpritson@gmail.com]

Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਦੀਆਂ ਵਧੇਰੇ ਕੀਮਤਾਂ - ਸੁਪਰੀਮ ਕੋਰਟ ਵਲੋਂ ਕਤਲੇਆਮ ਕਰਾਰ ਅਗਲੀ ਖ਼ਬਰ ਦੁਸਹਿਰੇ ਦਾ ਤਿਉਹਾਰ ਸਿੱਖਿਆ ਦਾ ਭੰਡਾਰ
Ad Position 24