ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ | 1920-21 ਵਿਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿਚੋਂ ਇਸ ਦਾ ਜਨਮ ਹੋਇਆ ਸੀ | ਗੁਰਦੁਆਰਾ ਸੁਧਾਰ ਲਹਿਰ ਵਿਚ ਸਿੱਖ ਪੰਥ ਨੂੰ ਮਿਲੀ ਵੱਡੀ ਸਫ਼ਲਤਾ ਨੇ ਉਸ ਸਮੇਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਤੇ ਵੀ ਵੱਡਾ ਪ੍ਰਭਾਵ ਪਾਇਆ ਸੀ | ਇਸੇ ਕਰਕੇ ਮਹਾਤਮਾ ਗਾਂਧੀ ਨੇ ਸਿੱਖ ਪੰਥ ਨੂੰ ਵਧਾਈ ਦਿੰਦਿਆਂ ਇਕ ਤਾਰ ਭੇਜ ਕੇ ਇਹ ਆਖਿਆ ਸੀ, 'ਵਧਾਈ ਹੋਵੇ, ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ |' ਦੇਸ਼ ਦੀ ਵੰਡ ਸਮੇਂ ਜੋ ਪੰਜਾਬ ਦਾ ਇਕ ਵੱਡਾ ਹਿੱਸਾ ਭਾਰਤ ਵਿਚ ਸ਼ਾਮਿਲ ਹੋਇਆ ਸੀ, ਉਸ ਦਾ ਸਿਹਰਾ ਵੀ ਅਕਾਲੀ ਦਲ ਨੂੰ ਹੀ ਜਾਂਦਾ ਹੈ | ਅੰਗਰੇਜ਼ਾਂ ਵਲੋਂ ਚੜ੍ਹਦੇ ਪੰਜਾਬ ਨਾਲ ਸੰਬੰਧਤ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕਰਵਾਈ ਗਈ ਵੱਖਰੀ ਮੀਟਿੰਗ ਵਿਚ ਅਕਾਲੀ ਦਲ ਦੇ 22 ਵਿਧਾਇਕਾਂ ਦੀਆਂ ਵੋਟਾਂ ਨਾਲ ਹੀ ਪੰਜਾਬ ਦੀ ਵੰਡ ਦਾ ਫ਼ੈਸਲਾ ਹੋਇਆ ਸੀ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇਸ਼ ਤੇ ਪੰਜਾਬ ਦੀ ਰਾਜਨੀਤੀ 'ਤੇ ਗਹਿਰਾ ਪ੍ਰਭਾਵ ਪਾਉਣ ਵਿਚ ਸਫ਼ਲ ਰਿਹਾ ਹੈ | ਉਸ ਨੇ ਪੰਥ ਤੇ ਪੰਜਾਬ ਲਈ ਵੱਡੇ ਸੰਘਰਸ਼ ਲੜੇ ਹਨ | ਇਨ੍ਹਾਂ ਵਿਚ ਪੰਜਾਬੀ ਸੂਬੇ ਦੀ ਸਥਾਪਨਾ, ਐਮਰਜੈਂਸੀ ਵਿਰੁੱਧ ਸਫ਼ਲ ਮੋਰਚੇ ਤੇ ਧਰਮ ਯੁੱਧ ਮੋਰਚੇ ਨੂੰ ਗਿਣਿਆ ਜਾ ਸਕਦਾ ਹੈ | ਆਜ਼ਾਦੀ ਤੋਂ ਬਾਅਦ ਇਹ ਕੇਂਦਰ ਦੀ ਸੱਤਾ ਵਿਚ ਵੀ ਸਮੇਂ-ਸਮੇਂ ਸ਼ਾਮਿਲ ਹੁੰਦਾ ਰਿਹਾ ਹੈ | ਪੰਜਾਬ 'ਤੇ ਇਸ ਦੀਆਂ ਸਰਕਾਰਾਂ ਨੇ 22 ਸਾਲ 3 ਮਹੀਨੇ ਰਾਜ ਕੀਤਾ ਹੈ | ਪਰ 2017 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਅਤੇ 2022 ਵਿਚ ਦੂਜੀ ਵਾਰ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਵੀ ਉਸ ਦੀ ਬੁਰੀ ਤਰ੍ਹਾਂ ਹਾਰ ਹੋਈ | ਇਸ ਸਮੇਂ ਦੌਰਾਨ 2019 ਅਤੇ 2024 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਵੱਡੀਆਂ ਹਾਰਾਂ ਦਾ ਹੀ ਸਾਹਮਣਾ ਕਰਨਾ ਪਿਆ | ਹੁਣ ਜਦੋਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਆ ਖੜ੍ਹੀਆਂ ਹੋਈਆਂ ਹਨ ਤਾਂ ਅਕਾਲੀ ਦਲ ਅਜੀਬ ਤਰ੍ਹਾਂ ਦੀ ਕਸ਼ਮਕਸ਼ ਵਿਚ ਫਸਿਆ ਹੋਇਆ ਹੈ | ਹਕੀਕਤ ਇਹ ਹੈ ਕਿ ਇਹ ਵੱਖ-ਵੱਖ ਧੜਿਆਂ ਵਿਚ ਵੰਡਿਆ ਜਾਣ ਕਾਰਨ ਪੰਜਾਬ ਦੀ ਰਾਜਨੀਤੀ ਵਿਚ ਵਿਰੋਧੀ ਪਾਰਟੀਆਂ ਲਈ ਹੁਣ ਇਹ ਕੋਈ ਵੱਡੀ ਚੁਣੌਤੀ ਰਿਹਾ ਨਹੀਂ ਜਾਪਦਾ | ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਅਜਿਹਾ ਸਮਾਂ ਆਇਆ ਹੋਵੇਗਾ, ਜਦੋਂ ਅਕਾਲੀ ਦਲ ਰਾਜਨੀਤਕ, ਧਾਰਮਿਕ ਅਤੇ ਮਨੋਬਲ ਦੇ ਤੌਰ 'ਤੇ ਏਨਾ ਕਮਜ਼ੋਰ ਹੋਇਆ ਹੋਵੇਗਾ |
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਅਕਾਲੀ ਦਲ (ਅੰਮਿ੍ਤਸਰ) ਤਿੰਨ ਦਲ ਹਨ, ਜੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਲੜਨਗੇ | ਇਨ੍ਹਾਂ ਤਿੰਨਾਂ ਦਲਾਂ ਅੱਗੇ ਇਸ ਸਮੇਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੀ ਅਜੋਕੀ ਸਥਿਤੀ ਵਿਚ ਆਪਣੀ-ਆਪਣੀ ਪ੍ਰਸੰਗਿਕਤਾ ਬਣਾ ਕੇ ਕਿਵੇਂ ਰੱਖੀ ਜਾਵੇ? ਅਕਾਲੀ ਦਲ (ਅੰਮਿ੍ਤਸਰ) ਦੀ ਆਮ ਕਰਕੇ ਇਹੀ ਪਹੁੰਚ ਰਹੀ ਹੈ ਕਿ ਉਹ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਗੱਠਜੋੜ ਨਹੀਂ ਕਰਦਾ | ਉਂਝ ਵੀ ਉਸ ਦੀ ਵਿਚਾਰਧਾਰਾ ਸਪੱਸ਼ਟ ਰੂਪ ਵਿਚ ਖ਼ਾਲਿਸਤਾਨੀ ਹੋਣ ਕਾਰਨ ਦੂਜੇ ਸਿਆਸੀ ਦਲ ਉਸ ਨਾਲ ਗੱਠਜੋੜ ਕਰਨ ਲਈ ਤਿਆਰ ਵੀ ਨਹੀਂ ਹੁੰਦੇ | ਹੁਣ ਵੀ ਉਹ ਆਪਣੇ ਰਸਤੇ 'ਤੇ ਹੀ ਤੁਰੇਗਾ | ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਵੀ ਰਵਾਇਤੀ ਅਕਾਲੀ ਦਲਾਂ ਨਾਲ ਕੋਈ ਚੋਣ ਸਮਝੌਤਾ ਕਰਨ ਦੀ ਸੰਭਾਵਨਾ ਨਹੀਂ ਹੈ | ਉਂਝ ਸਿੱਖ ਭਾਈਚਾਰੇ ਦਾ ਇਕ ਵੱਡਾ ਭਾਗ ਇਸ ਦਲ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਦੇ ਜੇਲ੍ਹ ਵਿਚ ਬੰਦ ਹੋਣ ਕਾਰਨ ਹਮਦਰਦੀ ਵਜੋਂ ਇਸ ਸਮੇਂ ਇਸ ਦਲ ਵੱਲ ਝੁਕਦਾ ਨਜ਼ਰ ਆ ਰਿਹਾ ਹੈ | ਉਹ ਦੂਜੇ ਅਕਾਲੀ ਦਲਾਂ ਦੇ ਲੀਡਰਾਂ ਨੂੰ ਭਿ੍ਸ਼ਟਾਚਾਰ ਤੇ ਬੇਅਦਬੀਆਂ ਆਦਿ ਦੇ ਮਾਮਲਿਆਂ ਲਈ ਜ਼ਿੰਮੇਵਾਰ ਸਮਝਦਾ ਹੋਇਆ, ਉਨ੍ਹਾਂ ਤੋਂ ਦੂਰੀ ਬਣਾ ਕੇ ਹੀ ਰੱਖਣਾ ਚਾਹੁੰਦਾ ਹੈ | ਉਸ ਨੂੰ ਆਸ ਹੈ ਕਿ ਲੋਕ ਸਭਾ ਚੋਣਾਂ ਵਾਂਗ ਹੀ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਨੂੰ ਵੱਡੀ ਸਫ਼ਲਤਾ ਮਿਲ ਸਕਦੀ ਹੈ |
ਇਸ ਸੰਦਰਭ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੋਵਾਂ ਦੀ ਸਪੱਸ਼ਟ ਰੂਪ ਵਿਚ ਨਜ਼ਰ ਆ ਰਹੀ ਪਹੁੰਚ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਨਾ ਕਿਸੇ ਢੰਗ ਨਾਲ ਚੋਣ ਸਮਝੌਤਾ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ | ਜਦੋਂ ਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਲਗਾਤਾਰ ਸਪੱਸ਼ਟ ਰੂਪ ਵਿਚ ਇਹ ਕਹਿੰਦੀ ਆ ਰਹੀ ਹੈ, ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਧੜੇ ਨਾਲ ਕੋਈ ਸਮਝੌਤਾ ਨਹੀਂ ਕਰਨਗੇ, ਸਗੋਂ ਰਾਜ ਦੀਆਂ ਸਾਰੀਆਂ 117 ਸੀਟਾਂ 'ਤੇ ਖ਼ੁਦ ਚੋਣਾਂ ਲੜਨਗੇ | ਹਾਂ, ਏਨਾ ਜ਼ਰੂਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਸੂਬਾਈ ਆਗੂ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇਹ ਕਹਿੰਦੇ ਰਹੇ ਹਨ, ਕਿ ਪੰਜਾਬ ਵਿਚ ਭਾਜਪਾ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਚਾਹੀਦਾ ਹੈ | ਪ੍ਰਧਾਨ ਮੰਤਰੀ ਆਪਣੀ ਜਲੰਧਰ ਫੇਰੀ ਦੌਰਾਨ ਵੀ ਅਜਿਹੇ ਹੀ ਪ੍ਰਭਾਵ ਦੇ ਕੇ ਗਏ ਸਨ | ਭਾਰਤੀ ਜਨਤਾ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਬੀ. ਐਲ. ਸੰਤੋਸ਼ ਵਲੋਂ ਵੀ ਆਪਣੇ ਪੰਜਾਬ ਦੌਰੇ ਦੌਰਾਨ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਭਾਜਪਾ ਰਾਜ ਵਿਚ ਇਕੱਲਿਆਂ ਹੀ ਚੋਣਾਂ ਲੜੇਗੀ | ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਹੁਣ ਇਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਰਾਜ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗੀ, ਉਸ ਨੇ ਅਸਿੱਧੇ ਢੰਗ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਹਵਾਲਾ ਦਿੰਦਿਆਂ ਇਹ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲ ਸਕਦਾ ਹੈ ਪਰ ਚੋਣ ਸਮਝੌਤਾ ਵੱਖਰੀ ਗੱਲ ਹੈ | ਸੂਤਰਾਂ ਅਨੁਸਾਰ ਪਿਛਲੇ ਦਿਨੀਂ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੀ ਅਮਿਤ ਸ਼ਾਹ ਨੂੰ ਮਿਲੇ ਸਨ | ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦਲ ਦੀ ਮੀਟਿੰਗ ਪਿਛੋਂ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਭਾਜਪਾ ਨਾਲ ਸਮਝੌਤੇ ਸੰਬੰਧੀ ਗੱਲ ਚੱਲ ਰਹੀ ਹੈ, ਪਰ ਉਹ 1996 ਵਿਚ ਅਕਾਲੀ ਦਲ (ਬਾਦਲ) ਦੀ ਤਰ੍ਹਾਂ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਨਹੀਂ ਦੇਣਗੇ, ਸਗੋਂ ਮੁੱਦਿਆਂ ਦੇ ਆਧਾਰ 'ਤੇ ਸਮਝੌਤਾ ਕਰਨਗੇ | ਉਨ੍ਹਾਂ ਨੇ ਆਪਣੀਆਂ ਮੰਗਾਂ ਸੰਬੰਧੀ 18 ਨੁਕਾਤੀ ਮੰਗ ਪੱਤਰ ਵੀ ਭਾਜਪਾ ਦੀ ਲੀਡਰਸ਼ਿਪ ਨੂੰ ਸੌਂਪਿਆ ਹੋਇਆ ਹੈ | ਪਰ ਡਾ. ਸਤੀਸ਼ ਪੂਨੀਆ ਦੇ ਤਾਜ਼ਾ ਬਿਆਨ ਤੋਂ ਉਨ੍ਹਾਂ ਨੂੰ ਵੀ ਭਾਜਪਾ ਦੀ ਪਹੁੰਚ ਸੰਬੰਧੀ ਸਭ ਕੁਝ ਸਪੱਸ਼ਟ ਹੋ ਜਾਣਾ ਚਾਹੀਦਾ ਹੈ | ਇਸ ਸਭ ਕੁਝ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸਾਹਮਣੇ ਬਦਲ ਬਹੁਤ ਘੱਟ ਬਚੇ ਹਨ | ਕਿਹਾ ਜਾਵੇ ਤਾਂ ਇਨ੍ਹਾਂ ਸਾਹਮਣੇ ਦੋ ਹੀ ਬਦਲ ਹਨ | ਇਕ ਇਹ ਕਿ ਆਪਸੀ ਏਕਤਾ ਕਰਕੇ ਚੋਣਾਂ ਲੜਨ, ਦੂਜਾ ਇਹ ਕਿ ਵੱਖੋ-ਵੱਖ ਚੋਣਾਂ ਲੜਦੇ ਹੋਏ ਚੋਣਾਂ ਵਿਚ ਆਪਣੀ ਸੀਮਤ ਜਿਹੀ ਹਾਜ਼ਰੀ ਲਗਵਾ ਲੈਣ | ਪੰਜਾਬ ਦੇ ਸਿੱਖ ਭਾਈਚਾਰੇ ਦਾ ਵੱਡਾ ਹਿੱਸਾ ਅਤੇ ਉਹ ਪੰਜਾਬੀ ਜੋ ਅਕਾਲੀ ਦਲ ਦੇ ਸਮਰਥਕ ਅਤੇ ਪ੍ਰਸ਼ੰਸਕ ਰਹੇ ਹਨ, ਅਕਾਲੀ ਦਲ ਦੀ ਅਜੋਕੀ ਸਥਿਤੀ ਤੋਂ ਬੇਹੱਦ ਨਿਰਾਸ਼ ਹੋਏ ਨਜ਼ਰ ਆ ਰਹੇ ਹਨ | ਅਜਿਹੇ ਲੋਕਾਂ ਦਾ ਮਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮਾਨ ਵਿਚਾਰਾਂ ਵਾਲੇ ਧੜਿਆਂ ਨੂੰ ਆਪਸੀ ਏਕਤਾ ਕਰਨੀ ਚਾਹੀਦੀ ਹੈ ਅਤੇ ਉਹ ਦਿੱਲੀ ਵੱਲ ਝਾਕਦਿਆਂ ਊਠ ਦਾ ਬੁੱਲ੍ਹ ਡਿੱਗਣ ਦੀ ਉਡੀਕ ਕਰਨ ਦੀ ਥਾਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵੱਲ ਆਪਣਾ ਮੰੂਹ ਕਰਨ, ਆਪਣੇ ਕੇਡਰ ਅਤੇ ਸਮਰਥਕਾਂ ਨਾਲ ਪੰਜਾਬ ਨੂੰ ਇਸ ਸਮੇਂ ਦਰਪੇਸ਼ ਸਮੱਸਿਆਵਾਂ 'ਤੇ ਖੁੱਲ੍ਹ ਕੇ ਚਰਚਾ ਕਰਨ | ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਪੰਜਾਬ ਦੇ ਬਹੁਪੱਖੀ ਵਿਕਾਸ ਲਈ ਇਕ ਬਿਹਤਰ ਏਜੰਡਾ ਤਿਆਰ ਕਰਨ, ਜਿਸ ਵਿਚ ਪੰਜਾਬ ਨੂੰ ਦਰਪੇਸ਼ ਆਰਥਿਕ, ਰਾਜਨੀਤਕ, ਸੱਭਿਆਚਾਰਕ ਮਸਲਿਆਂ ਨੂੰ ਹੱਲ ਕਰਨ ਲਈ ਸਪੱਸ਼ਟ ਰੂਪ ਵਿਚ ਯੋਜਨਾਬੰਦੀ ਦੀ ਝਲਕ ਪੇਸ਼ ਕੀਤੀ ਜਾਵੇ | ਪਿਛਲੀਆਂ ਗ਼ਲਤੀਆਂ ਤੋਂ ਲੋਕਾਂ ਤੋਂ ਖੁੱਲ੍ਹੇ ਦਿਲ ਨਾਲ ਖ਼ਿਮਾਂ ਮੰਗਦਿਆਂ ਉਨ੍ਹਾਂ ਤੋਂ ਅਕਾਲੀ ਦਲ ਲਈ ਮੁੜ ਤੋਂ ਸਮਰਥਨ ਮੰਗਿਆ ਜਾਵੇ | ਭਾਜਪਾ ਨਾਲ ਸਮਝੌਤੇ ਦੀ ਉਡੀਕ ਵਿਚ ਲੰਮੇ ਸਮੇਂ ਤੱਕ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ | ਉਂਝ ਵੀ ਭਾਜਪਾ ਜੇਕਰ ਪੰਜਾਬ ਦੇ ਭਖਦੇ ਮੁੱਦਿਆਂ ਦੇ ਨਿਆਂਸੰਗਤ ਨਿਪਟਾਰੇ ਲਈ ਜਨਤਕ ਤੌਰ 'ਤੇ ਸਹਿਮਤੀ ਨਹੀਂ ਦਿੰਦੀ ਅਤੇ ਕਿਸੇ ਸਾਂਝੇ ਏਜੰਡੇ ਤੋਂ ਬਿਨਾਂ ਜੇ ਅਕਾਲੀ ਦਲ ਦਾ ਕੋਈ ਧੜਾ ਭਾਜਪਾ ਨਾਲ ਸਮਝੌਤਾ ਕਰਦਾ ਵੀ ਹੈ, ਤਾਂ ਵੀ ਉਹ ਕਿਸੇ ਅਕਾਲੀ ਦਲ ਲਈ ਬਹੁਤਾ ਲਾਭਦਾਇਕ ਸਿੱਧ ਨਹੀਂ ਹੋ ਸਕਦਾ | ਭਾਜਪਾ ਨੂੰ ਆਪਣੇ ਤੌਰ 'ਤੇ ਹੀ ਚੋਣ ਲੜਨ ਦੇਣੀ ਚਾਹੀਦੀ ਹੈ | ਦੇਸ਼ ਦੀ ਅਜੋਕੀ ਸਥਿਤੀ ਵੀ ਇਹ ਮੰਗ ਕਰਦੀ ਹੈ ਕਿ ਦੇਸ਼ ਵਿਚ ਜਮਹੂਰੀਅਤ, ਧਰਮ ਨਿਰਪੱਖਤਾ (ਸਰਬੱਤ ਦਾ ਭਲਾ) ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਵਾਲੀ ਪਹੁੰਚ ਅਖ਼ਤਿਆਰ ਕੀਤੀ ਜਾਵੇ |
ਪਿਛਲੇ ਕੁਝ ਸਮੇਂ ਤੋਂ ਉਂਝ ਵੀ ਦੇਸ਼ ਦੀ ਰਾਜਨੀਤਕ ਫਿਜ਼ਾ ਬਦਲਦੀ ਨਜ਼ਰ ਆ ਰਹੀ ਹੈ | ਸਿੱਖ ਪੰਥ ਦਾ ਇਤਿਹਾਸ ਹਮੇਸ਼ਾ ਜਬਰ ਤੇ ਜ਼ੁਲਮ ਦਾ ਵਿਰੋਧ ਕਰਨ, ਮਨੁੱਖੀ ਅਧਿਕਾਰਾਂ ਲਈ ਖ਼ੜ੍ਹੇ ਹੋਣ ਅਤੇ ਆਪਣੀ ਜਨਮ ਭੂਮੀ ਲਈ ਲੜਨ ਅਤੇ ਸ਼ਹਾਦਤਾਂ ਪ੍ਰਾਪਤ ਕਰਨ ਦਾ ਰਿਹਾ ਹੈ | ਆਪਣੇ ਗੌਰਵਸ਼ਾਲੀ ਇਤਿਹਾਸ ਤੇ ਵਿਰਸੇ ਤੋਂ ਪ੍ਰੇਰਨਾ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਮਖਿਆਲ ਧੜਿਆਂ ਨੂੰ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਨਿਰਧਾਰਨ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਵਾਰਿਸ ਬਣ ਕੇ ਚੋਣ ਮੈਦਾਨ ਵਿਚ ਉਤਰਨਾ ਚਾਹੀਦਾ ਹੈ | ਚੋਣਾਂ ਦਾ ਇਹ ਰਸਤਾ ਕਠਿਨ ਜ਼ਰੂਰ ਹੈ, ਸਾਨੂੰ ਬਹੁਤੀ ਆਸ ਵੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲਾਂ ਦੇ ਆਗੂ ਇਸ ਰਸਤੇ 'ਤੇ ਤੁਰਨਗੇ ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਜੇ ਆਪਣੀ ਪੁਰਾਣੀ ਆਨ ਤੇ ਸ਼ਾਨ ਬਹਾਲ ਕਰਨੀ ਹੈ, ਤਾਂ ਇਸ ਨੂੰ ਇਸ ਰਸਤੇ 'ਤੇ ਹੀ ਤੁਰਨਾ ਪਵੇਗਾ | ਸਾਰੇ ਅਕਾਲੀ ਦਲਾਂ ਤੇ ਸੀਨੀਅਰ ਆਗੂਆਂ ਨੂੰ ਇਹ ਵੀ ਅਹਿਸਾਸ ਕਰਨਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਸਥਾਪਨਾ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹੋਈ ਸੀ | 1920 ਤੋਂ ਬਾਅਦ ਅਕਾਲੀ ਦਲ ਸੱਤਾ ਵਿਚ ਤਾਂ ਸਿਰਫ਼ 22 ਸਾਲ 3 ਮਹੀਨੇ ਹੀ ਰਿਹਾ ਹੈ ਪਰ ਵਿਰੋਧੀ ਧਿਰ ਵਿਚ ਰਹਿ ਕੇ ਸੰਘਰਸ਼ ਕਰਦਿਆਂ ਵੀ ਉਹ ਦੇਸ਼ ਤੇ ਪੰਜਾਬ ਦੀ ਰਾਜਨੀਤੀ 'ਤੇ ਵੱਡਾ ਪ੍ਰਭਾਵ ਪਾਉਂਦਾ ਰਿਹਾ ਹੈ ਅਤੇ ਆਪਣੇ ਉਦੇਸ਼ ਵੀ ਪ੍ਰਾਪਤ ਕਰਦਾ ਰਿਹਾ ਹੈ | ਛੇਤੀ ਜਾਂ ਦੇਰ ਨਾਲ, ਇਸ ਰਸਤੇ 'ਤੇ ਨਿਰੰਤਰ ਤੁਰਦਿਆਂ ਉਹ ਪੰਜਾਬ ਵਿਚ ਖੁਸੀ ਹੋਈ ਆਪਣੀ ਜ਼ਮੀਨ ਮੁੜ ਪ੍ਰਾਪਤ ਕਰ ਸਕਦਾ ਹੈ |
•••