ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਵੱਖ-ਵੱਖ ਮੋਰਚਿਆਂ ਦੌਰਾਨ ਨਿਡਰ ਭੂਮਿਕਾ ਨਿਭਾਉਣ ਵਾਲੀ ਮਾਤਾ ਕਿਸ਼ਨ ਕੌਰ ਦਾ ਜਨਮ 1856 ਈ. ਨੂੰ ਸ. ਸੂਬਾ ਸਿੰਘ ਅਤੇ ਮਾਤਾ ਸੋਭਾ ਰਾਣੀ ਦੇ ਗ੍ਰਹਿ ਪਿੰਡ ਲੋਹਗੜ੍ਹ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ | ਮਾਤਾ ਕਿਸ਼ਨ ਕੌਰ ਦਾ ਪਰਿਵਾਰ ਕੁਝ ਘਰੇਲੂ ਹਾਲਾਤ ਕਾਰਨ ਪਿੰਡ ਦੌਧਰ, ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੋਗਾ) ਚਲਿਆ ਗਿਆ, ਮਾਤਾ ਜੀ ਦਾ ਬਚਪਨ ਇਥੇ ਹੀ ਗੁਜ਼ਰਿਆ | ਮਾਤਾ ਜੀ ਨੇ ਇਥੇ ਹੀ ਗੁਰਦੁਆਰਾ ਸਾਹਿਬ ਵਿਚੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਸੰਬੰਧੀ ਪੂਰੀ ਤਰ੍ਹਾਂ ਜਾਣਕਾਰੀ ਹਾਸਿਲ ਕੀਤੀ |
ਮਾਤਾ ਕਿਸ਼ਨ ਕੌਰ ਦਾ ਅਨੰਦ ਕਾਰਜ 1875 ਈ. ਨੂੰ ਸ. ਹਰਨਾਮ ਸਿੰਘ ਪਿੰਡ ਕਾਉਂਕੇ ਜ਼ਿਲ੍ਹਾ ਲੁਧਿਆਣਾ ਨਾਲ ਹੋਇਆ | ਸ. ਹਰਨਾਮ ਸਿੰਘ ਪਿੰਡ ਵਿਚ ਹੀ ਕੰਮਕਾਰ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ | ਸਮਾਂ ਪਾ ਕੇ ਸ. ਹਰਨਾਮ ਸਿੰਘ ਅਤੇ ਉਸ ਦਾ ਭਰਾ ਧੰਨਾ ਸਿੰਘ ਫ਼ੌਜ ਵਿਚ ਭਰਤੀ ਹੋ ਗਏ | ਮਾਤਾ ਕਿਸ਼ਨ ਕੌਰ ਦੇ ਘਰ ਤਿੰਨ ਭੁਝੰਗੀਆਂ ਅਤੇ ਇਕ ਭੁਝੰਗਣ ਨੇ ਜਨਮ ਲਿਆ ਪਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਚਾਰੇ ਬੱਚੇ ਛੇਤੀ ਹੀ ਅਕਾਲ ਚਲਾਣਾ ਕਰ ਗਏ | ਇਸ ਤੋਂ ਬਾਅਦ ਮਾਤਾ ਕਿਸ਼ਨ ਕੌਰ ਦੇ ਘਰ ਕੋਈ ਬੱਚਾ ਨਾ ਹੋਇਆ ਤਾਂ ਹਰਨਾਮ ਸਿੰਘ ਨੇ ਆਪਣੇ ਸਾਲੇ ਬੁੱਧ ਸਿੰਘ ਦਾ ਲੜਕਾ ਖਜ਼ਾਨ ਸਿੰਘ, ਮਾਤਾ ਕਿਸ਼ਨ ਕੌਰ ਦੀ ਗੋਦੀ ਪਾ ਦਿੱਤਾ | ਬਦਲੀ ਹੋਣ ਕਾਰਨ ਹਰਨਾਮ ਸਿੰਘ ਆਪਣੇ ਭਰਾ ਧੰਨਾ ਸਿੰਘ ਸਮੇਤ ਬਰਮਾ ਚਲੇ ਗਏ, ਜਿਥੇ ਹਰਨਾਮ ਸਿੰਘ 1902 ਈ. ਅਤੇ ਧੰਨਾ ਸਿੰਘ 1909 ਈ. ਨੂੰ ਅਕਾਲ ਚਲਾਣਾ ਕਰ ਗਏ |
ਮਾਤਾ ਕਿਸ਼ਨ ਕੌਰ ਬਚਪਨ ਤੋਂ ਹੀ ਨਿਡਰ ਤੇ ਦਲੇਰ ਸਨ | ਮਾਤਾ ਕਿਸ਼ਨ ਕੌਰ 1903 ਈ. ਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸ੍ਰੀ ਅਬਿਚਲ ਨਗਰ ਨਾਂਦੇੜ ਸਾਹਿਬ ਦਰਸ਼ਨ ਦੀਦਾਰੇ ਕਰਨ ਲਈ ਗਏ ਅਤੇ ਉਥੇ ਹੀ ਅੰਮਿ੍ਤ ਛਕ ਲਿਆ | ਮਾਤਾ ਜੀ ਨੇ 1912 ਈ. ਵਿਚ ਆਪਣੇ ਪਿੰਡ ਦੇ ਨੇੜੇ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ 'ਗੁਰੂ ਸਰ' ਦੀ ਉਸਾਰੀ ਵਿਚ ਪ੍ਰਮੁੱਖ ਭੂਮਿਕਾ ਨਿਭਾਈ | ਇਸ ਕਾਰਜ ਲਈ ਸ. ਰਣਧੀਰ ਸਿੰਘ ਕਾਉਂਕੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਵੀ ਪੂਰਾ ਯੋਗਦਾਨ ਪਾਇਆ |
ਜਿਸ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਮਾਤਾ ਕਿਸ਼ਨ ਕੌਰ ਤਕਰੀਬਨ ਹਰ ਮੋਰਚੇ ਵਿਚ ਸਿੰਘਾਂ ਦੀ ਸੇਵਾ ਲਈ ਪਹੁੰਚਦੇ ਰਹੇ | ਉਨ੍ਹਾਂ ਦੇ ਨਾਲ ਸਾਥਣ ਬੀਬੀ ਤੇਜ ਕੌਰ ਜੋ ਬਾਹੀਆ ਇਲਾਕੇ ਦੀ ਰਹਿਣ ਵਾਲੀ ਸੀ, ਹਰ ਥਾਂ ਪਹੁੰਚਦੀ | ਇਹ ਦੋਵੇਂ ਬੀਬੀਆਂ ਬਾਬੇ ਦੀ ਬੇਰ ਮੋਰਚੇ ਵਿਚ ਵੀ ਪਹੁੰਚੀਆਂ ਸਨ | ਜਦ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਅੰਗਰੇਜ਼ ਪੁਲਿਸ ਨੇ ਸਿੰਘਾਂ ਉਤੇ ਸਖ਼ਤੀ ਸ਼ੁਰੂ ਕੀਤੀ ਤਾਂ ਮਾਤਾ ਕਿਸ਼ਨ ਕੌਰ ਨੇ ਗਿ੍ਫਤਾਰ ਹੋਏ ਸਿੰਘਾਂ ਦੀ ਸੇਵਾ ਆਪ ਸੰਭਾਲੀ | ਉਹ ਪ੍ਰਸ਼ਾਦੇ ਲੈ ਕੇ ਹਵਾਲਾਤ ਪਹੁੰਚਦੇ ਅਤੇ ਸਿੰਘਾਂ ਦੇ ਇਸ਼ਨਾਨ ਲਈ ਪਾਣੀ ਵੀ ਲੈ ਕੇ ਜਾਂਦੇ | ਉਨ੍ਹਾਂ ਨੇ ਗੁਰਦੁਆਰਾ ਮਾਲ ਜੀ ਸਾਹਿਬ ਵਿਖੇ ਇਕ ਮਹੀਨਾ ਲੰਗਰ ਦੀ ਸੇਵਾ ਕੀਤੀ |
ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਮਾਤਾ ਕਿਸ਼ਨ ਕੌਰ ਹਰ ਰੋਜ਼ ਗੁਰੂ ਕੇ ਬਾਗ਼ ਮੋਟਰ ਲਾਰੀਆਂ ਨਾਲ ਜਾਂਦੇ ਅਤੇ ਉਥੇ ਬੀ.ਟੀ. ਦੀਆਂ ਡਾਂਗਾਂ ਨਾਲ ਬੇਹੋਸ਼ ਹੋਏ ਸਿੰਘਾਂ ਦੇ ਮੰੂਹ ਵਿਚ ਪਾਣੀ ਕੇ ਉਨ੍ਹਾਂ ਨੂੰ ਲਾਰੀਆਂ ਵਿਚ ਪਾਉਣ ਲਈ ਸਹਾਇਤਾ ਕਰਦੇ ਸਨ | ਇਕ ਵੇਰਾਂ ਉਨ੍ਹਾਂ ਨੇ ਵੇਖਿਆ ਇਕ ਜ਼ੈਲਦਾਰ ਪਿੰਡ ਵਿਚੋਂ ਗੁਰੂ ਕੇ ਬਾਗ਼ ਵਾਲੀ ਪੁਲਿਸ ਵਾਸਤੇ ਕੁਰਸੀਆਂ ਲਿਆ ਰਿਹਾ ਹੈ | ਮਾਤਾ ਜੀ ਨੇ ਉਸ ਤੋਂ ਦੋ ਕੁਰਸੀਆਂ ਖੋਹ ਲਈਆਂ ਤੇ ਉਸ ਦੇ ਸਾਹਮਣੇ ਹੀ ਉਨ੍ਹਾਂ ਕੁਰਸੀਆਂ ਨੂੰ ਅੱਗ ਲਗਾ ਦਿੱਤੀ | ਜ਼ੈਲਦਾਰ ਨੇ ਬੀ.ਟੀ. ਕੋਲ ਜਾ ਕੇ ਸ਼ਿਕਾਇਤ ਕੀਤੀ ਪਰ ਬੀ.ਟੀ. ਨੇ ਅੱਗੋਂ ਕਿਹਾ ਕਿ ਜਿਹੜੀ ਔਰਤ ਤੈਥੋਂ ਕੁਰਸੀਆਂ ਖੋਹ ਕੇ ਲੈ ਗਈ ਹੈ, ਉਸ ਬਾਰੇ ਹੁਣ ਚੁੱਪ ਹੀ ਵੱਟ ਲੈ ਤਾਂ ਚੰਗਾ ਹੈ, ਕਿਉਂਕਿ ਬੀ.ਟੀ. ਆਪ ਵੀ ਮਾਤਾ ਜੀ ਤੋਂ ਕੜਾਕੇਦਾਰ ਥੱਪੜ ਖਾ ਚੁੱਕਿਆ ਸੀ |
ਇਕ ਵਾਰ ਮਹੰਤਾਂ ਦੇ ਕੁਝ ਬੰਦਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਸਤਰਾਂ ਵਾਲੀ ਅਲਮਾਰੀ ਤੋੜਨ ਲਈ ਹਮਲਾ ਕੀਤਾ | ਦੋ ਬੀਬੀਆਂ ਨੇ ਉਨ੍ਹਾਂ ਮਹੰਤਾਂ ਨਾਲ ਪੂਰਾ ਟਾਕਰਾ ਲਿਆ ਅਤੇ ਉਨ੍ਹਾਂ ਬੀਬੀਆਂ ਦੇ ਕਾਫੀ ਸੱਟਾਂ ਵੱਜੀਆਂ | ਇਨ੍ਹਾਂ ਵਿਚੋਂ ਇਕ ਮਾਤਾ ਕਿਸ਼ਨ ਕੌਰ ਕਾਉਂਕੇ ਸਨ |
ਜੈਤੋ ਮੋਰਚੇ ਸਮੇਂ 9 ਫਰਵਰੀ, 1924 ਈ. ਨੂੰ 500 ਸਿੰਘਾਂ ਦਾ ਸ਼ਹੀਦੀ ਜਥਾ ਜਥੇਦਾਰ ਊਧਮ ਸਿੰਘ 'ਵਰਪਾਲ' ਦੀ ਅਗਵਾਈ ਵਿਚ ਅਕਾਲ ਤਖ਼ਤ ਸਾਹਿਬ ਤੋਂ ਗੰਗਸਰ ਜੈਤੋ ਲਈ ਰਵਾਨਾ ਹੋਇਆ | ਮਾਤਾ ਜੀ ਇਸ ਜਥੇ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਭਾਈ ਫੇਰੂ ਗਏ, ਉਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਉਨ੍ਹਾਂ ਨੇ ਸਿੰਘਾਂ ਤੋਂ ਅਰਦਾਸ ਕਰਵਾਈ ਕਿ ਮੈਂ ਜੈਤੋ ਹੀ ਸ਼ਹੀਦ ਹੋ ਜਾਵਾਂ ਜਾਂ ਫਿਰ ਗਿ੍ਫ਼ਤਾਰ ਹੋ ਜਾਵਾਂ | ਇਥੋਂ ਮਾਤਾ ਕਿਸ਼ਨ ਕੌਰ ਤੇ ਬੀਬੀ ਤੇਜ ਕੌਰ ਸ਼ਹੀਦੀ ਜਥੇ ਨੂੰ ਜ਼ੀਰੇ ਜਾ ਮਿਲੀਆਂ | ਦੋਵੇਂ ਬੀਬੀਆਂ ਜਥੇ ਦੇ ਨਾਲ ਜ਼ੀਰੇ ਤੋਂ ਬਰਗਾੜੀ ਤੱਕ ਗਈਆਂ ਅਤੇ ਸਾਰੇ ਰਸਤੇ ਲੋਕਾਂ ਨੂੰ ਪ੍ਰੇਰਦੀਆਂ ਰਹੀਆਂ ਕਿ ਸ਼ਹੀਦੀ ਰੁੱਤ ਆ ਗਈ ਹੈ, ਸੰਗਤਾਂ ਨੂੰ ਸ਼ਹੀਦੀ ਪਾਉਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ |
ਸ਼ਹੀਦੀ ਜਥੇ ਦੇ ਜੈਤੋ ਪਹੁੰਚਣ ਤੋਂ ਪਹਿਲਾਂ ਜੈਤੋ ਦੇ ਹਾਲਾਤ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਫੈਲ ਰਹੀਆਂ ਸਨ | ਮਾਤਾ ਕਿਸ਼ਨ ਕੌਰ ਅਤੇ ਬੀਬੀ ਤੇਜ ਕੌਰ ਨੇ ਸਲਾਹ ਕਰਕੇ ਭੇਸ ਵਟਾ ਲਿਆ ਅਤੇ ਜੈਤੋ ਦੇ ਭੇਦ ਲੈਣ ਲਈ ਤੁਰ ਪਈਆਂ | ਦੋਵੇਂ ਬੀਬੀਆਂ ਨੇ ਬਾਣੀਏ ਲੋਕਾਂ ਦੀਆਂ ਬੀਬੀਆਂ ਵਾਲੇ ਕੱਪੜੇ ਪਾ ਲਏ | ਮਾਤਾ ਕਿਸ਼ਨ ਕੌਰ ਸੱਸ ਬਣੀ ਤੇ ਬੀਬੀ ਤੇਜ ਕੌਰ ਨੂੰ ਹ ਬਣੀ | ਜੈਤੋ ਪਹੁੰਚ ਕੇ ਸਾਰੇ ਹਾਲਾਤ ਦੇਖੇ, ਫੌਜ ਦੀ ਤਿਆਰੀ ਦੇਖੀ | ਇਸੇ ਤਰ੍ਹਾਂ ਉਹ ਉਥੋਂ ਨਿਕਲ ਕੇ ਜਥੇ ਨੂੰ ਆ ਮਿਲੀਆਂ ਤੇ ਸਾਰਾ ਹਾਲ ਦੱਸਿਆ | ਇਸ ਜਾਣਕਾਰੀ ਅਨੁਸਾਰ ਜਥੇ ਨੇ ਆਪਣਾ ਪ੍ਰੋਗਰਾਮ ਦੁਬਾਰਾ ਉਲੀਕਿਆ ਅਤੇ ਸਿੱਧਾ ਗੁਰਦੁਆਰਾ ਗੰਗਸਰ ਜਾਣ ਦੀ ਬਜਾਏ, ਜਥਾ ਟਿੱਬੀ ਸਾਹਿਬ ਵੱਲ ਚੱਲ ਪਿਆ | ਫੌਜ ਨੇ ਜਥੇ ਦੇ ਸਿੰਘਾਂ ਉੱਪਰ ਵਿਲਸਨ ਜਾਨਸਨ ਦੇ ਇਸ਼ਾਰੇ 'ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ | ਮਾਤਾ ਕਿਸ਼ਨ ਕੌਰ ਜੀ ਖੂਹ ਤੋਂ ਪਾਣੀ ਲਿਆ ਕੇ ਜ਼ਖ਼ਮੀ ਹੋਏ ਸਿੰਘਾਂ ਦੇ ਮੰੂਹ ਵਿਚ ਪਾਉਂਦੇ ਰਹੇ | ਮੌਕੇ ਦੇ ਅਫਸਰਾਂ ਨੇ ਰੋਕਿਆ ਪਰ ਮਾਤਾ ਕਿਸ਼ਨ ਕੌਰ ਨਾ ਮੰਨੀ ਅਤੇ ਕਿਹਾ ਕਿ ਮੈਂ ਤਾਂ ਆਪਣੇ ਬੱਚਿਆਂ ਨਾਲ ਇਥੇ ਹੀ ਸ਼ਹੀਦੀ ਪਾਊਾਗੀ | ਇਸ ਸਮੇਂ ਪੁਲਿਸ ਨੇ ਮਾਤਾ ਕਿਸ਼ਨ ਕੌਰ ਅਤੇ 21 ਹੋਰ ਸਿੰਘਾਂ ਨੂੰ ਗਿ੍ਫ਼ਤਾਰ ਕਰ ਲਿਆ | ਮਾਤਾ ਕਿਸ਼ਨ ਕੌਰ ਤੇ ਬਾਕੀ ਸਿੰਘਾਂ 'ਤੇ 17 ਮਈ, 1924 ਈ. ਨੂੰ ਨਾਭਾ ਵਿਖੇ ਮੁਕੱਦਮਾ ਸ਼ੁਰੂ ਹੋਇਆ | ਮਾਤਾ ਕਿਸ਼ਨ ਕੌਰ ਨੂੰ 4 ਸਾਲ ਦੀ ਸਖਤ ਕੈਦ ਦੀ ਸਜ਼ਾ ਹੋਈ ਅਤੇ ਸਜ਼ਾ ਕੱਟਣ ਉਪਰੰਤ 30 ਜੂਨ, 1928 ਈ. ਨੂੰ ਨਾਭਾ ਜੇਲ੍ਹ ਤੋਂ ਰਿਹਾਅ ਹੋਏ ਅਤੇ ਰਿਹਾਅ ਹੋਣ ਉਪਰੰਤ ਅਗਲੇ ਦਿਨ ਅੰਮਿ੍ਤਸਰ ਪਹੁੰਚੇ, ਜਿਥੇ ਬਹੁਤ ਹੀ ਗਰਮਗੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਸਿਰੋਪਾ ਭੇਟ ਕੀਤਾ ਗਿਆ ਅਤੇ ਪੰਥ ਪ੍ਰਤੀ ਕੀਤੀ ਸੇਵਾ ਦੀ ਪ੍ਰਸੰਸਾ ਕੀਤੀ ਗਈ |
ਮਾਤਾ ਕਿਸ਼ਨ ਕੌਰ ਅੰਤਿਮ ਸਮੇਂ ਤੱਕ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸੇਵਾ ਕਰਦੇ ਰਹੇ ਅਤੇ 10 ਅਗਸਤ, 1952 ਈ. ਨੂੰ ਅਕਾਲ ਚਲਾਣਾ ਕਰ ਗਏ |
-ਬਠਿੰਡਾ |
ਮੋਬਾਈਲ : 98155-33725
ਮਾਤਾ ਕਿਸ਼ਨ ਕੌਰ ਕਾਉਂਕੇ ਦਾ ਸਿੱਖ ਲਹਿਰਾਂ ਵਿਚ ਯੋਗਦਾਨ
ਮਾਤਾ ਕਿਸ਼ਨ ਕੌਰ ਕਾਉਂਕੇ ਦਾ ਸਿੱਖ ਲਹਿਰਾਂ ਵਿਚ ਯੋਗਦਾਨ
ਅਜੀਤ ਡੈਸਕ
24-08-2026