12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪੁੱਡਾ (ਅਲਾਲ) ਮਾਰਕੀਟ ’ਚ ਵਰਾਂਡਿਆਂ ਤੋਂ ਬਾਅਦ ਹੁਣ ਪਾਰਕਿੰਗ ਵਾਲੀ ਜਗ੍ਹਾ ’ਤੇ ਵੀ ਹੋਣ ਲੱਗਾ ਕਬਜ਼ਾ

ਬਰਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਵਿਚ ਨਾਜਾਇਜ਼ ਕਬਜ਼ਿਆਂ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਸਬੰਧਿਤ ਵਿਭਾਗਾਂ ਵਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਆਉਣ ਵਾਲੇ ਗਾਹਕਾਂ ਲਈ ਵੀ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।

Ad Position 21
No active advertisement
ਪੁੱਡਾ (ਅਲਾਲ) ਮਾਰਕੀਟ ਵਿਖੇ ਪਾਰਕਿੰਗ ਵਾਲੀ ਜਗ੍ਹਾ ਉੱਪਰ ਕੀਤੇ ਗਏ ਕਬਜ਼ੇ ਦੀ ਤਸਵੀਰ। ਤਸਵੀਰ : ਰਿੰਪੀ ਸਟੂਡੀਓ 13-11-2026
ਬਰਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਵਿਚ ਨਾਜਾਇਜ਼ ਕਬਜ਼ਿਆਂ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਸਬੰਧਿਤ ਵਿਭਾਗਾਂ ਵਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਆਉਣ ਵਾਲੇ ਗਾਹਕਾਂ ਲਈ ਵੀ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸ਼ਹਿਰ ਦੀ ਪੁੱਡਾ ਮਾਰਕੀਟ, ਜਿਸ ਨੂੰ ਅਲਾਲ ਮਾਰਕੀਟ ਵਜੋਂ ਵੀ ਜਾਣਿਆ ਜਾਂਦਾ ਹੈ, ਵਿਚ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਹੁਣ ਹੋਰ ਵੀ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇੱਥੇ ਪਹਿਲਾਂ ਹੀ ਕਈ ਦੁਕਾਨਦਾਰਾਂ ਵਲੋਂ ਬਰਾਂਡਿਆਂ ਉੱਪਰ ਕਬਜ਼ੇ ਕੀਤੇ ਹੋਏ ਹਨ, ਜਦਕਿ ਹੁਣ ਇਕ ਹੋਟਲ/ਰੈਸਟੋਰੈਂਟ ਦੇ ਪ੍ਰਬੰਧਕਾਂ ਵਲੋਂ ਮਾਰਕੀਟ ਦੇ ਪਿਛਲੇ ਪਾਸੇ ਸਥਿਤ ਪਾਰਕਿੰਗ ਵਾਲੀ ਜਗ੍ਹਾ ਨੂੰ ਵੀ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪੁੱਡਾ ਮਾਰਕੀਟ ਦੇ ਅੱਗੇ ਅਤੇ ਪਿਛਲੇ ਪਾਸੇ ਵਾਹਨਾਂ ਦੀ ਪਾਰਕਿੰਗ ਲਈ ਵਿਸ਼ੇਸ਼ ਜਗ੍ਹਾ ਛੱਡੀ ਗਈ ਹੈ, ਤਾਂ ਜੋ ਮਾਰਕੀਟ ਵਿਚ ਆਉਣ ਵਾਲੇ ਗਾਹਕ ਅਤੇ ਸਦਰ ਬਾਜ਼ਾਰ ਵਿਚ ਖ਼ਰੀਦਦਾਰੀ ਕਰਨ ਲਈ ਜਾਣ ਵਾਲੇ ਲੋਕ ਆਪਣੇ ਵਾਹਨ ਉੱਥੇ ਖੜ੍ਹੇ ਕਰ ਸਕਣ। ਪਰ ਹੁਣ ਮਾਰਕੀਟ ਵਿਚ ਖੁੱਲ੍ਹੇ ਇਕ ਹੋਟਲ/ਰੈਸਟੋਰੈਂਟ ਦੇ ਪ੍ਰਬੰਧਕਾਂ ਵਲੋਂ ਪਿਛਲੇ ਪਾਸੇ ਸਥਿਤ ਪਾਰਕਿੰਗ ਵਾਲੀ ਜਗ੍ਹਾ ਨੂੰ ਆਪਣੇ ਅਧੀਨ ਕਰ ਲਏ ਜਾਣ ਕਾਰਨ ਜਨਤਕ ਸਹੂਲਤ ਲਈ ਰੱਖੀ ਗਈ ਇਸ ਜਗ੍ਹਾ ਦੀ ਵਰਤੋਂ ਪ੍ਰਭਾਵਿਤ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਰਕੀਟ ਦੇ ਬਰਾਂਡਿਆਂ ਵਿਚ ਵੀ ਕਈ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਰੱਖ ਕੇ ਜਾਂ ਹੋਰ ਤਰੀਕਿਆਂ ਨਾਲ ਕਬਜ਼ੇ ਕੀਤੇ ਹੋਏ ਹਨ। ਇਕ ਦੁਕਾਨਦਾਰ ਵਲੋਂ ਤਾਂ ਬਰਾਂਡੇ ਵਿਚ ਕੰਧਾਂ ਤੱਕ ਉਸਾਰ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਪੈਦਲ ਚੱਲਣ ਵਾਲੇ ਲੋਕਾਂ ਲਈ ਰੱਖੀਆਂ ਗਈਆਂ ਜਨਤਕ ਥਾਵਾਂ ਨੂੰ ਨਿੱਜੀ ਵਰਤੋਂ ਵਿਚ ਲਿਆਉਣਾ ਨਿਯਮਾਂ ਅਤੇ ਲੋਕ ਹਿੱਤਾਂ ਦੀ ਸਿੱਧੀ ਉਲੰਘਣਾ ਹੈ। ਇਸ ਸਬੰਧੀ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਵਾਲੀ ਜਗ੍ਹਾ ’ਤੇ ਕਿਸੇ ਇਕ ਦੁਕਾਨਦਾਰ ਵਲੋਂ ਕਬਜ਼ਾ ਕਰਨਾ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇਕ ਦੁਕਾਨਦਾਰ ਨੂੰ ਅਜਿਹਾ ਕਰਨ ਦੀ ਖੁੱਲ੍ਹ ਮਿਲਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਦੂਸਰੇ ਦੁਕਾਨਦਾਰ ਵੀ ਇਸੇ ਤਰ੍ਹਾਂ ਜਨਤਕ ਥਾਵਾਂ ’ਤੇ ਕਬਜ਼ੇ ਕਰਨ ਲੱਗ ਪੈਣਗੇ। ਇਸ ਨਾਲ ਪਹਿਲਾਂ ਹੀ ਟਰੈਫ਼ਿਕ ਦੀ ਸਮੱਸਿਆ ਨਾਲ ਜੂਝ ਰਹੇ ਬਰਨਾਲਾ ਵਾਸੀਆਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਅਤੇ ਮਾਰਕੀਟ ਵਿਚ ਆਉਣ ਵਾਲੇ ਗਾਹਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਲਈ ਵੀ ਥਾਂ ਨਹੀਂ ਮਿਲੇਗੀ। ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਅਤੇ ਲਾਗੂ ਇਮਾਰਤੀ ਨਿਯਮਾਂ ਅਨੁਸਾਰ ਬਰਾਂਡਿਆਂ, ਪਾਰਕਿੰਗ ਖੇਤਰਾਂ ਅਤੇ ਹੋਰ ਜਨਤਕ ਥਾਵਾਂ ਦੀ ਵਰਤੋਂ ਨਿਰਧਾਰਤ ਮੰਤਵਾਂ ਲਈ ਹੀ ਕੀਤੀ ਜਾ ਸਕਦੀ ਹੈ। ਵਰਾਂਡੇ ਪੈਦਲ ਚੱਲਣ ਵਾਲਿਆਂ ਦੀ ਸਹੂਲਤ ਲਈ ਹੁੰਦੇ ਹਨ, ਜਦਕਿ ਪਾਰਕਿੰਗ ਲਈ ਛੱਡੀ ਗਈ ਜਗ੍ਹਾ ਨੂੰ ਕਿਸੇ ਨਿੱਜੀ ਕਾਰੋਬਾਰ ਦੇ ਅਧੀਨ ਕਰਨਾ ਜਾਂ ਉੱਥੇ ਉਸਾਰੀਆਂ ਕਰਨਾ ਨਿਯਮਾਂ ਦੀ ਉਲੰਘਣਾ ਦੇ ਦਾਇਰੇ ਵਿਚ ਆ ਸਕਦਾ ਹੈ। ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਿਤ ਅਥਾਰਿਟੀ ਵਲੋਂ ਨੋਟਿਸ, ਜੁਰਮਾਨੇ ਅਤੇ ਨਿਯਮਾਂ ਅਨੁਸਾਰ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਮਾਮਲੇ ਦੀ ਜਾਂਚ ਕਰ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਜ਼ਰੂਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਪੁੱਡਾ ਦੇ ਅਧਿਕਾਰੀ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ ਜਾਂ ਫਿਰ ਜਨਤਕ ਸਹੂਲਤਾਂ ਲਈ ਛੱਡੀਆਂ ਗਈਆਂ ਥਾਵਾਂ ’ਤੇ ਇਸੇ ਤਰ੍ਹਾਂ ਨਾਜਾਇਜ਼ ਕਬਜ਼ੇ ਹੁੰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਅਭਿਜੀਤ ਕਪਲਿਸ਼ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜਨਗਣਨਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Ad Position 24