ਮਾਰਕੀਟ ਕਮੇਟੀ ਮਹਿਲ ਕਲਾਂ ’ਚ ਛਿੜੀ ਕੁਰਸੀ ਦੀ ਜੰਗ
ਮਹਿਲ ਕਲਾਂ, 27 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਵਿਚ ਚੇਅਰਮੈਨੀ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਆਗੂਆਂ ਦਰਮਿਆਨ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੁਨੀਤ ਮਾਨ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਮੌਜੂਦਾ ਚੇਅਰਮੈਨ ਸੁਖਵਿੰਦਰ ਦਾਸ ਕੁਰੜ ਨੇ ਕੁਰਸੀ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਮਹਿਲ ਕਲਾਂ, 27 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਵਿਚ ਚੇਅਰਮੈਨੀ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਆਗੂਆਂ ਦਰਮਿਆਨ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੁਨੀਤ ਮਾਨ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਮੌਜੂਦਾ ਚੇਅਰਮੈਨ ਸੁਖਵਿੰਦਰ ਦਾਸ ਕੁਰੜ ਨੇ ਕੁਰਸੀ ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਹ ਵਿਵਾਦ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਦਫ਼ਤਰ ਵਿਚ ਲੱਗੀਆਂ ਨੇਮ ਪਲੇਟਾਂ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਬਣ ਗਈ। ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ (26 ਸਤੰਬਰ) ਨੂੰ ਨਵੇਂ ਨਿਯੁਕਤ ਚੇਅਰਮੈਨ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਦੇ ਸਮਰਥਕਾਂ ਨੇ ਦਫ਼ਤਰ ਪਹੁੰਚ ਕੇ ਸੁਖਵਿੰਦਰ ਦਾਸ ਕੁਰੜ ਦੇ ਨਾਂਅ ਵਾਲੀ ਤਖ਼ਤੀ ਉਤਾਰ ਦਿੱਤੀ ਅਤੇ ਪੁਨੀਤ ਮਾਨ ਦੇ ਨਾਂਅ ਦੀ ਤਖ਼ਤੀ ਲਗਾ ਕੇ ਮੀਟਿੰਗ ਕੀਤੀ। ਇਸ ਦੇ ਜਵਾਬ ਵਿਚ ਅੱਜ ਮੌਜੂਦਾ ਚੇਅਰਮੈਨ ਸੁਖਵਿੰਦਰ ਦਾਸ ਕੁਰੜ ਆਪਣੇ ਸਮਰਥਕਾਂ ਸਮੇਤ ਦਫ਼ਤਰ ਪੁੱਜੇ ਅਤੇ ਪੁਨੀਤ ਮਾਨ ਦੇ ਨਾਂਅ ਵਾਲੀ ਤਖ਼ਤੀ ਉਤਾਰ ਕੇ ਮੁੜ ਆਪਣੇ ਨਾਂਅ ਦੀ ਤਖ਼ਤੀ ਲਗਾ ਦਿੱਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਲ 2013 ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਨੀਤ ਮਾਨ ਦੀ ਨਿਯੁਕਤੀ ਸਬੰਧੀ ਨੋਟੀਫ਼ੀਕੇਸ਼ਨ ਜਾਂ ਹੁਕਮ ਉਨ੍ਹਾਂ ਤੱਕ ਨਹੀਂ ਪਹੁੰਚਿਆ ਤੇ ਨਾ ਹੀ ਪਾਰਟੀ ਨੇ ਉਨ੍ਹਾਂ ਦਾ ਕੋਈ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਕਿਸੇ ਨੇ ਉਨ੍ਹਾਂ ਦੇ ਨਾਮ ਵਾਲੀ ਤਖ਼ਤੀ ਨਾਲ ਛੇੜਛਾੜ ਕੀਤੀ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉ ਨ੍ਹਾਂ ਪੁਨੀਤ ਮਾਨ ਵਲੋਂ ਚੇਅਰਮੈਨ ਦੀ ਕੁਰਸੀ ’ਤੇ ਬੈਠ ਕੇ ਫੋਟੋਆਂ ਅਤੇ ਵੀਡੀਓਜ਼ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾਣ ਨੂੰ ਗੈਰ-ਕਾਨੂੰਨੀ ਦੱਸਿਆ। ਇਸ ਸਮੇਂ ਦਲਿਤ ਆਗੂ ਰਿੰਕਾ ਕੁਤਬਾ ਬਾਹਮਣੀਆਂ, ਗੁਰਦੀਪ ਸਿੰਘ ਸੋਢਾ, ਸਮਨਦੀਪ ਸਿੰਘ, ਹਬੀਬ ਮੁਹੰਮਦ, ਹਰਦੀਪ ਸਿੰਘ ਦੀਪੀ, ਪੰਚ ਸਰਬਜੀਤ ਸਿੰਘ, ਸੋਨੀ ਜਗਦੇ, ਗੁਰਤੇਜ ਸਰਾਂ, ਸੁੱਖਾ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਟਿੱਬਾ, ਬਲਵਿਦਰ ਸਿੰਘ, ਹੈਪੀ ਔਲਖ, ਸਤਨਾਮ ਸਿੰਘ ਪੰਚ, ਜਗਸੀਰ ਸਿੰਘ ਪੰਚ, ਦਵਿੰਦਰ ਸਿੰਘ ਬਧੇਸ਼ਾ ਆਦਿ ਹਾਜ਼ਰ ਸਨ। ਦੂਜੇ ਪਾਸੇ ਪੁਨੀਤ ਮਾਨ ਨੇ ਕਿਹਾ ਕਿ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕਰ ਚੁੱਕੀ ਹੈ ਅਤੇ ਉਹ ਅੱਜ ਵਾਲੀ ਘਟਨਾ ਸਬੰਧੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਗੱਲ ਕਰਨਗੇ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੁਨੀਤ ਮਾਨ ਨੂੰ ਨਵਾਂ ਚੇਅਰਮੈਨ ਥਾਪਿਆ ਗਿਆ ਹੈ ਅਤੇ ਨੋਟੀਫ਼ੀਕੇਸ਼ਨ ਇਕ-ਦੋ ਦਿਨ੍ਹਾਂ ਵਿਚ ਹੋ ਜਾਵੇਗਾ।