ਫੂਡ ਸੇਫਟੀ ਵਿਭਾਗ ਵਲੋਂ ਏਲੈਂਟਾ ਮਾਰਟ ਉੱਪਰ ਛਾਪੇਮਾਰੀ, 36 ਲੀਟਰ ਦੇਸੀ ਘਿਓ ਕੀਤਾ ਜ਼ਬਤ
ਐਫ.ਐਸ.ਐਸ.ਏ.ਆਈ. ਲਾਇਸੰਸ ਦੀ ਮਿਆਦ ਲੰਘਣ ਤੋਂ ਬਾਅਦ ਨਹੀਂ ਵੇਚੀ ਜਾ ਸਕਦੀ ਵਸਤੂ-ਫੂਡ ਸੇਫ਼ਟੀ ਅਫ਼ਸਰ
ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)- ਸ਼ਹਿਰ ਬਰਨਾਲਾ ਦੇ ਨਾਨਕਸਰ ਰੋਡ ਵਿਖੇ ਪਿਛਲੇ ਦਿਨੀਂ ਖੁੱਲ੍ਹੇ ਏਲੈਂਟਾ ਮਾਰਟ ਉੱਪਰ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕਰ ਕੇ 36 ਲੀਟਰ ਦੇਸੀ ਘਿਓ ਜ਼ਬਤ ਕੀਤਾ ਗਿਆ ਹੈ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਰਟ ਵਿਚ ਪ੍ਰਭਾਸ ਬ੍ਰਾਂਡ ਦੇ ਨਾਮ ਹੇਠ ਦੋ ਕੰਪਨੀਆਂ ਦਾ ਦੇਸੀ ਘਿਓ ਵੇਚਿਆ ਜਾ ਰਿਹਾ ਹੈ।
ਬਰਨਾਲਾ, 24 ਸਤੰਬਰ (ਨਰਿੰਦਰ ਅਰੋੜਾ)- ਸ਼ਹਿਰ ਬਰਨਾਲਾ ਦੇ ਨਾਨਕਸਰ ਰੋਡ ਵਿਖੇ ਪਿਛਲੇ ਦਿਨੀਂ ਖੁੱਲ੍ਹੇ ਏਲੈਂਟਾ ਮਾਰਟ ਉੱਪਰ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕਰ ਕੇ 36 ਲੀਟਰ ਦੇਸੀ ਘਿਓ ਜ਼ਬਤ ਕੀਤਾ ਗਿਆ ਹੈ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਰਟ ਵਿਚ ਪ੍ਰਭਾਸ ਬ੍ਰਾਂਡ ਦੇ ਨਾਮ ਹੇਠ ਦੋ ਕੰਪਨੀਆਂ ਦਾ ਦੇਸੀ ਘਿਓ ਵੇਚਿਆ ਜਾ ਰਿਹਾ ਹੈ। ਇਕ ਕੰਪਨੀ ਪੀ.ਐਸ.ਡੀ. ਜਿਸ ਦੇ ਐਫ.ਐਸ.ਐਸ.ਏ.ਆਈ. ਲਾਇਸੰਸ ਨੰਬਰ ਦੀ ਮਿਆਦ ਲੰਘ ਚੁੱਕੀ ਦਾ 36 ਲੀਟਰ ਦੇਸੀ ਘਿਓ ਜ਼ਬਤ ਕੀਤਾ ਗਿਆ ਹੈ ਅਤੇ ਦੂਸਰੀ ਕੰਪਨੀ ਟੀ.ਸੀ.ਆਈ. ਦਾ ਲਾਇਸੰਸ ਭਾਵੇਂਕਿ ਸਹੀ ਹੈ ਪਰ ਉਸ ਦੀ ਵਿੱਕਰੀ ਨੂੰ ਵੀ ਉਨ੍ਹਾਂ ਚਿਰ ਰੋਕ ਦਿੱਤਾ ਗਿਆ ਹੈ, ਜਿੰਨਾ ਚਿਰ ਉਸ ਦੀ ਰਿਪੋਰਟ ਨਹੀਂ ਆਉਂਦੀ ਹੈ ਕਿਉਂਕਿ ਵਿਭਾਗ ਵਲੋਂ ਪਿਛਲੇ ਦਿਨੀਂ ਇਸ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਜਦੋਂ ਕਿਸੇ ਵਸਤੂ ਜਾਂ ਕੰਪਨੀ ਦੇ ਐਫ.ਐਸ.ਐਸ.ਏ.ਆਈ. ਲਾਇਸੰਸ ਨੰਬਰ ਦੀ ਮਿਆਦ ਲੰਘ ਚੁੱਕੀ ਹੋਵੇ ਤਾਂ ਵਸਤੂ ਬਿਲਕੁਲ ਵੀ ਮਾਰਕੀਟ ਵਿਚ ਵੇਚੀ ਨਹੀਂ ਜਾ ਸਕਦੀ ਹੈ। ਇਸੇ ਕਾਰਨ ਵਿਭਾਗ ਵਲੋਂ ਘਿਓ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਇਸ ਸਬੰਧੀ ਹੋਰ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ‘ਅਜੀਤ’ ਵਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਸੀ ਕਿ ਏਲੈਂਟਾ ਮਾਰਟ ਵਿਚ ਮਿਆਦ ਲੰਘੇ ਐਫ.ਐਸ.ਐਸ.ਏ.ਆਈ. ਲਾਇਸੰਸ ਨੰਬਰ ਦਾ ਦੇਸੀ ਘਿਓ ਵੇਚਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਅੱਜ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਇਸ ਮਾਰਟ ਵਿਚ ਛਾਪੇਮਾਰੀ ਕੀਤੀ ਗਈ ਹੈ।