ਬਰਸੀ ’ਤੇ ਵਿਸ਼ੇਸ਼-ਕਾਮਰੇਡ ਪ੍ਰੀਤਮ ਸਿੰਘ ‘ਦਰਦੀ’
ਬਰਨਾਲਾ - ਪ੍ਰੀਤਮ ਸਿੰਘ ਦਰਦੀ ਪੰਜਾਬ ਦੀ ਧਰਤੀ ਦਾ ਉਹ ਸਿਦਕੀ ਯੋਧਾ ਸੀ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੇ ਹਿੱਤਾਂ, ਨਿਧੜਕ ਪੱਤਰਕਾਰੀ ਅਤੇ ਪੁਸਤਕ ਸੱਭਿਆਚਾਰ ਦੇ ਲੇਖੇ ਲਾ ਦਿੱਤੀ। ਬਚਪਨ ਤੋਂ ਹੀ ਦੇਸ਼-ਭਗਤੀ, ਜਨਵਾਦੀ ਸੋਚ ਅਤੇ ਅਗਾਂਹਵਧੂ ਲਹਿਰਾਂ ਦੇ ਮਾਹੌਲ ਵਿੱਚ ਪਲਣ ਕਰਕੇ, ਉਨ੍ਹਾਂ ਦੇ ਮਨ ਵਿੱਚ ਸਮਾਜਿਕ ਤਬਦੀਲੀ ਦੀ ਚਿੰਗਾਰੀ ਛੋਟੀ ਉਮਰੇ ਹੀ ਭੜਕ ਉੱਠੀ।
ਬਰਨਾਲਾ - ਪ੍ਰੀਤਮ ਸਿੰਘ ਦਰਦੀ ਪੰਜਾਬ ਦੀ ਧਰਤੀ ਦਾ ਉਹ ਸਿਦਕੀ ਯੋਧਾ ਸੀ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੇ ਹਿੱਤਾਂ, ਨਿਧੜਕ ਪੱਤਰਕਾਰੀ ਅਤੇ ਪੁਸਤਕ ਸੱਭਿਆਚਾਰ ਦੇ ਲੇਖੇ ਲਾ ਦਿੱਤੀ। ਬਚਪਨ ਤੋਂ ਹੀ ਦੇਸ਼-ਭਗਤੀ, ਜਨਵਾਦੀ ਸੋਚ ਅਤੇ ਅਗਾਂਹਵਧੂ ਲਹਿਰਾਂ ਦੇ ਮਾਹੌਲ ਵਿੱਚ ਪਲਣ ਕਰਕੇ, ਉਨ੍ਹਾਂ ਦੇ ਮਨ ਵਿੱਚ ਸਮਾਜਿਕ ਤਬਦੀਲੀ ਦੀ ਚਿੰਗਾਰੀ ਛੋਟੀ ਉਮਰੇ ਹੀ ਭੜਕ ਉੱਠੀ। ਉਨ੍ਹਾਂ ਦਾ ਜਨਮ ਸਾਲ 1951 ਵਿੱਚ ਇੱਕ ਰਾਮਗੜ੍ਹੀਆ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕਾਮਰੇਡ ਮੱਲ ਸਿੰਘ ਖੁਦ ਪ੍ਰਸਿੱਧ ਸਾਹਿਤਕ ਮੈਗਜ਼ੀਨ ‘ਪ੍ਰੀਤਲੜੀ’ ਦੇ ਕੱਟੜ ਪਾਠਕ ਅਤੇ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਬੇਹੱਦ ਸਰਗਰਮ ਆਗੂ ਸਨ। ਮਾਤਾ ਜਾਗੀਰ ਕੌਰ ਦੀ ਮਮਤਾ ਅਤੇ ਪਿਤਾ ਦੀ ਇਨਕਲਾਬੀ ਸੋਚ ਸਦਕਾ ਪ੍ਰੀਤਮ ਦਰਦੀ ਨੂੰ ਸਾਹਿਤ, ਇਨਸਾਫ਼ ਅਤੇ ਸਿਆਸਤ ਦੀ ਗੁੜਤੀ ਘਰ ਦੀਆਂ ਬਰੂਹਾਂ ਤੋਂ ਹੀ ਮਿਲੀ। ਪਿੰਡ ਦੇ ਹਾਈ ਸਕੂਲ ਤੋਂ ਦਸਵੀਂ ਪੱਧਰ ਦੀ ਪੜ੍ਹਾਈ ਪੂਰੀ ਕਰਨ ਵਾਲੇ ਪ੍ਰੀਤਮ ਦਰਦੀ ਸਕੂਲ ਦੇ ਦਿਨਾਂ ਤੋਂ ਹੀ ਅਗਾਂਹਵਧੂ ਸਾਹਿਤ ਪੜ੍ਹਨ ਵਾਲੀਆਂ ਲਾਇਬ੍ਰੇਰੀਆਂ ਦੇ ਪੱਕੇ ਪ੍ਰੇਮੀ ਬਣ ਗਏ । ਅਸੈਂਬਲੀ ਅਤੇ ਪਾਰਲੀਮੈਂਟ ਚੋਣਾਂ ਦੌਰਾਨ ਪਾਰਟੀ ਦੀਆਂ ਪ੍ਰਚਾਰ ਮੁਹਿੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਕਾਰਨ, ਬਹੁਤ ਛੋਟੀ ਉਮਰ ਵਿੱਚ ਹੀ ਇੱਕ ਬਿਹਤਰ ਜਥੇਬੰਦਕ, ਪ੍ਰਭਾਵਸ਼ਾਲੀ ਬੁਲਾਰੇ ਅਤੇ ਸਟੇਜ ਦੇ ਧਨੀ ਲੋਕ-ਆਗੂ ਵਜੋਂ ਉਭਰ ਕੇ ਸਾਹਮਣੇ ਆਏ। ਆਪਣੇ ਪਿਤਾ ਜੀ ਦੀ ਛੋਟੀ ਜਿਹੀ ਘਰੇਲੂ ਲਾਇਬ੍ਰੇਰੀ ਨੂੰ ਸਾਲ 1974 ਵਿੱਚ ਮਹਿਲ ਕਲਾਂ ਵਿਖੇ ‘ਲੈਨਿਨ ਕਿਤਾਬ ਘਰ’ ਬਣਾ ਦਿੱਤਾ। ਉਨ੍ਹਾਂ ਨੇ ਮਿਖਾਇਲ ਸ਼ੋਲੋਖੋਵ ਦਾ ਵਿਸ਼ਵ-ਪ੍ਰਸਿੱਧ ਨਾਵਲ ‘ਤੇ ਡਾਨ ਵਹਿੰਦਾ ਰਿਹਾ’ ਮਹਿਜ਼ 11 ਰੁਪਏ (ਜਿਸਦੀ ਕੀਮਤ ਅੱਜ 1500 ਰੁਪਏ ਦੇ ਕਰੀਬ ਹੈ) ਅਤੇ ਐਮ.ਆਈ. ਕਾਲੀਨਿਨ ਦੀ ਪੁਸਤਕ ‘ਕਮਿਊਨਿਸਟ ਵਿੱਦਿਆ ਅਤੇ ਨੌਜਵਾਨ’ ਸਿਰਫ਼ ਡੇਢ ਰੁਪਏ ਵਿੱਚ ਵੀ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਈ। ਆਰਥਿਕ ਮੁਨਾਫ਼ਾ ਕਮਾਉਣਾ ਕਦੇ ਵੀ ਉਨ੍ਹਾਂ ਦਾ ਮਕਸਦ ਨਹੀਂ ਸੀ, ਉਨ੍ਹਾਂ ਦਾ ਇੱਕੋ-ਇੱਕ ਜਨੂੰਨ ਲੋਕਾਂ ਨੂੰ ਕਿਤਾਬਾਂ ਨਾਲ ਜੋੜ ਕੇ ਸਮਾਜਿਕ ਤਬਦੀਲੀ ਲਿਆਉਣਾ ਸੀ, ਜਿਸ ਨੇ ਪੰਜਾਬ ਵਿੱਚ ਸੈਂਕੜੇ ਨਵੇਂ ਪਾਠਕ ਪੈਦਾ ਕੀਤੇ। ਲੋਕ-ਲਹਿਰਾਂ, ਹੱਕੀ ਮੰਗਾਂ ਅਤੇ ਅੰਦੋਲਨਾਂ ਵਿੱਚ ਮੂਹਰਲੀ ਕਤਾਰ ਵਿੱਚ ਹਿੱਸਾ ਲੈਂਦਿਆਂ ਉਨ੍ਹਾਂ ਨੇ ਕਈ ਵਾਰ ਹਕੂਮਤਾਂ ਦੇ ਤਸ਼ੱਦਦ ਦਾ ਸਾਹਮਣਾ ਕੀਤਾ ਅਤੇ ਸੰਗਰੂਰ, ਬਠਿੰਡਾ, ਪਟਿਆਲਾ, ਚੰਡੀਗੜ੍ਹ ਤੋਂ ਇਲਾਵਾ ਦਿੱਲੀ ਦੀ ਪ੍ਰਸਿੱਧ ਤਿਹਾੜ ਜੇਲ੍ਹ ਵਿਖੇ ਕਈ ਵਾਰ ਜੇਲ੍ਹ ਯਾਤਰਾਵਾਂ ਵੀ ਕੀਤੀਆਂ। ਸਿਆਸੀ ਅਤੇ ਸਾਹਿਤਕ ਸਫ਼ਰ ਦੇ ਨਾਲ-ਨਾਲ ਪੱਤਰਕਾਰੀ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਇੱਕ ਬਹੁਤ ਵੱਡਾ ਅਤੇ ਵਿਸ਼ੇਸ਼ ਨਾਮ ਸੀ। ਉਹ ਪ੍ਰੈੱਸ ਕਲੱਬ ਮਹਿਲ ਕਲਾਂ (ਰਜਿ.) ਦੇ ਸਰਪ੍ਰਸਤ ਸਨ। ਕਾਮਰੇਡ ਦਰਦੀ ਹੱਕ-ਸੱਚ ਅਤੇ ਇਨਸਾਫ਼ ਲਈ ਸਿਰਫ਼ ਕਲਮ ਹੀ ਨਹੀਂ ਚਲਾਉਂਦੇ ਸਨ, ਸਗੋਂ ਹਰ ਕਿਸਮ ਦੇ ਜ਼ਬਰ-ਜ਼ੁਲਮ, ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਵਿਰੁੱਧ ਖੁਦ ਹਿੱਕ ਡਾਹ ਕੇ ਚੱਟਾਨ ਵਾਂਗ ਖੜ੍ਹਨਾ ਉਨ੍ਹਾਂ ਦੀ ਅਸਲ ਪਛਾਣ ਸੀ। ਉਨ੍ਹਾਂ ਦੀਆਂ ਇਨ੍ਹਾਂ ਹੀ ਬੇਮਿਸਾਲ ਸਮਾਜਿਕ, ਸਿਆਸੀ ਅਤੇ ਸਾਹਿਤਕ ਸੇਵਾਵਾਂ ਸਦਕਾ 23 ਜਨਵਰੀ 2006 ਨੂੰ ਯੁਵਕ ਸੇਵਾਵਾਂ ਕਲੱਬ ਬੀਹਲਾ ਸਲਾਨਾ ਖੇਡ ਮੇਲੇ ਦੇ ਮੌਕੇ ’ਤੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਉੱਘੇ ਸਮਾਜ ਸੇਵੀ ਅਤੇ ਸਿੱਖਿਆ ਸ਼ਾਸਤਰੀ ‘ਜਤਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ, ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਸਖ਼ਸ਼ੀਅਤ ਹੋਣ ਕਰਕੇ, ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸਮਾਗਮ ਦੌਰਾਨ ਪਿੰਡ ਰਾਏਸਰ ਵਿਖੇ ਪ੍ਰਬੰਧਕਾਂ ਵੱਲੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਸਮਾਜ ਪ੍ਰਤੀ ਬੇਮਿਸਾਲ ਅਤੇ ਇਤਿਹਾਸਕ ਯੋਗਦਾਨ ਲਈ ਇੱਕ ਹੋਰ ਵਿਸ਼ੇਸ਼ ਐਵਾਰਡ ਨਾਲ ਨਿਵਾਜਿਆ ਗਿਆ। ਲੋਕਾਂ ਅੰਦਰ ਚੇਤਨਾ ਦੇ ਦੀਵੇ ਬਾਲਣ ਵਾਲਾ ਅਤੇ ਹਨੇਰਿਆਂ ਖ਼ਿਲਾਫ਼ ਜੰਗ ਲੜਨ ਵਾਲਾ ਇਹ ਨਿਧੜਕ ਯੋਧਾ 9 ਅਗਸਤ 2022 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਾਡੇ ਕੋਲੋਂ ਸਰੀਰਕ ਤੌਰ ’ਤੇ ਸਦਾ ਲਈ ਵਿਛੜ ਗਿਆ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਰਤੀਆਂ, ਮਜ਼ਦੂਰਾਂ, ਕਿਸਾਨਾਂ ਅਤੇ ਸਾਹਿਤ ਪ੍ਰੇਮੀਆਂ ਦੇ ਕਾਫਲੇ ਇਸ ਗੱਲ ਦੀ ਗਵਾਹੀ ਸਨ। ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਨਿਧੜਕ ਪੱਤਰਕਾਰੀ, ਸਿਧਾਂਤਕ ਕਲਮ ਅਤੇ ਕਿਤਾਬਾਂ ਦਾ ਹੋਕਾ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਅਮਰ ਰਹੇਗਾ। -ਕਮਲਜੀਤ ਕੌਰ ਗੁੰਮਟੀ (ਬਰਨਾਲਾ)