ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਸੈਮੀਨਾਰ ਕਰਵਾਇਆ
ਆਲਮਗੀਰ, 16 ਸਤੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਲੋਂ ਆਈ. ਐਚ.
ਆਲਮਗੀਰ, 16 ਸਤੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਲੋਂ ਆਈ.ਐਚ.ਏ. ਫਾਊਂਡੇਸ਼ਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ‘ਸ੍ਰਿਸ਼ਟੀ ਦੀ ਚਾਦਰ’ ਵਿਸ਼ੇ ’ਤੇ ਅਕਾਦਮਿਕ ਅਤੇ ਅੰਤਰ-ਧਰਮ ਸੈਮੀਨਾਰ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ। ਸੈਮੀਨਾਰ ਦੌਰਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਸ਼ਹਾਦਤ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਧਾਰਮਿਕ ਆਜ਼ਾਦੀ, ਮਨੁੱਖੀ ਮਰਿਆਦਾ ਅਤੇ ਜ਼ਮੀਰ ਦੀ ਆਜ਼ਾਦੀ ਦੇ ਸਦੀਵੀ ਸੰਦੇਸ਼ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੇਵਲ ਧਾਰਮਿਕ ਆਜ਼ਾਦੀ ਦਾ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਆਪਣੇ ਜੀਵਨ ਦੀ ਮਹਾਨ ਕੁਰਬਾਨੀ ਰਾਹੀਂ ਇਸ ਦੀ ਮਿਸਾਲ ਵੀ ਕਾਇਮ ਕੀਤੀ। ਉਨ੍ਹਾਂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਜ਼ਮੀਰ ਦੀ ਆਜ਼ਾਦੀ ਲਈ ਇਕ ਅਮਰ ਪ੍ਰੇਰਨਾ ਸਰੋਤ ਹੈ। ਆਈ.ਐਚ.ਏ. ਦੇ ਸੰਸਥਾਪਕ ਸਤਨਾਮ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਦੇਸ਼ ਭਰ ਵਿਚ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਸਾਨੂੰ ਮੁੜ ਇਹ ਯਾਦ ਦਿਵਾਉਂਦਾ ਹੈ ਕਿ ਧਰਮ ਦੀ ਅਸਲ ਮਹੱਤਤਾ ਤਾਂ ਹੀ ਹੈ ਜਦੋਂ ਹਰ ਵਿਅਕਤੀ ਦੇ ਜ਼ਮੀਰ ਅਤੇ ਵਿਸ਼ਵਾਸ ਦੀ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ। ਸਮਾਗਮ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੇ ਵਿਸ਼ੇਸ਼ ਬੁਲਾਰਿਆਂ ਵਿਚ ਡਾ. ਸਰਬਜੀਤ ਸਿੰਘ ਰੇਣੂਕਾ ਅਤੇ ਬ੍ਰਿਜਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਇਤਿਹਾਸਕ, ਅਕਾਦਮਿਕ ਅਤੇ ਸਰਬ - ਵਿਆਪਕ ਪੱਖਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਵਿਚ ਵੱਖ-ਵੱਖ ਧਰਮਾਂ ਨਾਲ ਸਬੰਧਿਤ ਪ੍ਰਮੁੱਖ ਧਾਰਮਿਕ ਆਗੂਆਂ ਅਤੇ ਭਾਈਚਾਰਕ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ, ਸਵਾਮੀ ਮਾਧਵਾਨੰਦਾ, ਚਿਨਮਯਾ ਮਿਸ਼ਨ, ਸਵਾਮੀ ਰਾਮਰੂਪਾਨੰਦਾ, ਰਾਮਕ੍ਰਿਸ਼ਨ ਮਿਸ਼ਨ, ਸ਼ਿਮਲਾ, ਸਵਾਮੀ ਸਤਪ੍ਰੀਤ ਹਰੀ, ਨਿਰਮਲਾ ਸੰਪਰਦਾਇ, ਮੌਲਾਨਾ ਅਨਵਰ ਕਾਸਮੀ ਅੰਮ੍ਰਿਤਸਰੀ, ਮੁਹੰਮਦ ਮੁਸਤਕੀਮ, ਮਜਲਿਸ ਅਹਿਰਾਰ ਇਸਲਾਮ-ਏ-ਹਿੰਦ, ਪੰਜਾਬ, ਬੀ.ਕੇ. ਮੀਨਾਕਸ਼ੀ, ਬ੍ਰਹਮਾਕੁਮਾਰੀਜ਼, ਰਾਈਟ ਰੈਵਰੈਂਡ ਦਰਬਾਰਾ ਸਿੰਘ ਬਿਸ਼ਪ ਡਾਇਓਸੀਜ਼ ਆਫ਼ ਚੰਡੀਗੜ੍ਹ, ਸੀ.ਐਨ.ਆਈ. ਫਾਦਰ ਰਿਨ ਥਾਮਸ, ਡਾਇਓਸੀਜ਼ ਆਫ਼ ਜਲੰਧਰ, ਵੇਨ. ਸੁਮਨਪ੍ਰਿਆ ਅਤੇ ਵੇਨ. ਪ੍ਰੋਗਲੌਕ, ਬੌਧ ਧਰਮ ਦੇ ਨੁਮਾਇੰਦੇ, ਅਰਚਨਾ ਸੁਖੀਜਾ, ਆਰਟ ਆਫ਼ ਲਿਵਿੰਗ, ਪਰਮਜੀਤ ਕੌਰ, ਮਾਤਾ ਖੀਵੀ ਟਰੱਸਟ ਅਤੇ ਆਈ.ਐਚ.ਏ. ਫਾਊਂਡੇਸ਼ਨ ਅੰਮ੍ਰਿਤਸਰ, ਸਤਨਾਮ ਸਿੰਘ ਸਲੂਜਾ ਆਈ.ਐਚ.ਏ. ਫਾਊਂਡੇਸ਼ਨ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਸੈਮੀਨਾਰ ਦੇ ਅੰਤ ਵਿਚ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।