ਮਾਡਰਨ ਸਕੂਲ ਭੀਖੀ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਤੇ ਸ਼ਿਮਲਾ ਦਾ ਫੇਰਾ ਲਗਾਇਆ
ਭੀਖੀ, 13 ਨਵੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਵਿਹਾਰਕ ਤਜ਼ਰਬੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿੱਦਿਅਕ ਤੇ ਮਨੋਰੰਜਕ ਫੇਰੇ ਲਗਾਏ ਗਏ। ਇਸ ਲੜੀ ਤਹਿਤ ਚੌਥੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਵਿੱਦਿਅਕ ਫੇਰੀ ਕਰਵਾਈ ਗਈ।
ਭੀਖੀ, 13 ਨਵੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਵਿਹਾਰਕ ਤਜ਼ਰਬੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿੱਦਿਅਕ ਤੇ ਮਨੋਰੰਜਕ ਫੇਰੇ ਲਗਾਏ ਗਏ। ਇਸ ਲੜੀ ਤਹਿਤ ਚੌਥੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਵਿੱਦਿਅਕ ਫੇਰੀ ਕਰਵਾਈ ਗਈ। ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਿਤ ਵੱਖ-ਵੱਖ ਮਾਡਲਾਂ, ਪ੍ਰਦਰਸ਼ਨੀਆਂ ਅਤੇ ਦਿਲਚਸਪ ਗਤੀਵਿਧੀਆਂ ਰਾਹੀਂ ਵਿਗਿਆਨਕ ਜਾਣਕਾਰੀ ਹਾਸਲ ਕੀਤੀ। ਇਸ ਫੇਰੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨ ਪ੍ਰਤੀ ਰੁਚੀ ਅਤੇ ਵਿਗਿਆਨਕ ਸੋਚ ਦਾ ਵਿਕਾਸ ਕਰਨਾ ਸੀ। ਇਸੇ ਤਰ੍ਹਾਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਿਮਲਾ ਦੀਆਂ ਮਨਮੋਹਕ ਵਾਦੀਆਂ, ਪਹਾੜੀ ਸੁੰਦਰਤਾ ਅਤੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਆਨੰਦ ਮਾਣਿਆ। ਉਨ੍ਹਾਂ ਸੋਲਨ ਮਾਰਕਿਟ ਅਤੇ ਪਿਜੌਰ ਗਾਰਡਨ ਸਮੇਤ ਹੋਰ ਪ੍ਰਮੁੱਖ ਸਥਾਨਾਂ ਦਾ ਦੌਰਾ ਕਰ ਕੇ ਕੁਦਰਤੀ ਅਤੇ ਸੱਭਿਆਚਾਰਕ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਗੁਰਦੁਆਰਾ ਨਾਢਾ ਸਾਹਿਬ ਅਤੇ ਪ੍ਰਮੇਸ਼ਵਰ ਦੁਆਰ ਸੇਖੂਪੁਰਾ ਵਿਖੇ ਵੀ ਨਤਮਸਤਕ ਹੋਏ। ਪ੍ਰਿੰਸੀਪਲ ਅਮਨਦੀਪ ਦੌਦਰੀਆ ਅਤੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਦੇ ਨਾਲ-ਨਾਲ ਆਤਮ-ਵਿਸ਼ਵਾਸ, ਸਿਰਜਣਾਤਮਕਤਾ ਤੇ ਵਿਹਾਰਕ ਸਿੱਖਿਆ ਨੂੰ ਮਜ਼ਬੂਤ ਬਣਾਉਂਦੇ ਹਨ।