ਗਿੱਲ ਰੌਂਤਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਰਾਮਪੁਰਾ ਫੂਲ ਹਲਕਾ ਇੰਚਾਰਜ ਨਿਯੁਕਤ
ਰਾਮਪੁਰਾ ਫੂਲ, 11 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰਦਿਆਂ ਚਾਰ ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਲੜੀ ਵਿਚ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੀ ਉੱਘੀ ਸ਼ਖ਼ਸੀਅਤ, ਗੀਤਕਾਰ, ਲੇਖਕ ਅਤੇ ਫ਼ਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦਾ ਇੰਚਾਰਜ (ਅਤੇ ਸੰਭਾਵੀ ਉਮੀਦਵਾਰ) ਐਲਾਨਿਆ ਗਿਆ ਹੈ।
ਰਾਮਪੁਰਾ ਫੂਲ, 11 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰਦਿਆਂ ਚਾਰ ਵਿਧਾਨ ਸਭਾ ਹਲਕਿਆਂ ਲਈ ਹਲਕਾ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਲੜੀ ਵਿਚ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੀ ਉੱਘੀ ਸ਼ਖ਼ਸੀਅਤ, ਗੀਤਕਾਰ, ਲੇਖਕ ਅਤੇ ਫ਼ਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦਾ ਇੰਚਾਰਜ (ਅਤੇ ਸੰਭਾਵੀ ਉਮੀਦਵਾਰ) ਐਲਾਨਿਆ ਗਿਆ ਹੈ। ਗਿੱਲ ਰੌਂਤਾ ਪਿਛਲੇ ਹਫ਼ਤੇ ਮੋਹਾਲੀ ਵਿਖੇ ਪਾਰਟੀ ਵਿਚ ਸ਼ਾਮਿਲ ਹੋਏ ਸਨ। ਉਸ ਸਮਾਗਮ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ (ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਪਿਤਾ), ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਫ਼ਰੀਦਕੋਟ ਤੋਂ ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਮੌਜੂਦ ਸਨ। ਇਸ ਦੌਰਾਨ ਪਾਰਟੀ ਦੀ ਪੁਆਧ ਖੇਤਰੀ ਇਕਾਈ ਦੇ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ ਸੀ। ਗਿੱਲ ਰੌਂਤਾ ਮੋਗਾ ਜ਼ਿਲ੍ਹੇ ਦੇ ਰੌਂਤਾ ਪਿੰਡ ਨਾਲ ਸਬੰਧ ਰੱਖਦੇ ਹਨ। ਉਹ ਪੰਜਾਬੀ ਗੀਤਕਾਰੀ ਵਿਚ ਪੇਂਡੂ ਜੀਵਨ ਅਤੇ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਫ਼ਿਲਮਾਂ ਲਈ ਸਕ੍ਰੀਨਪਲੇ, ਕਹਾਣੀ ਅਤੇ ਡਾਇਲਾਗ ਵੀ ਲਿਖੇ ਹਨ, ਜਿਵੇਂ ‘ਕਾਕਾ ਜੀ’ (2019) ਅਤੇ ‘ਯੈੱਸ ਆਈ ਐਮ ਸਟੂਡੈਂਟ’ (2021)। ਉਨ੍ਹਾਂ ਨੇ ਕਿਤਾਬ ‘ਹੈਲੋ! ਮੈਂ ਲਾਹੌਰ ਤੋਂ ਬੋਲਦਾ’ ਵੀ ਲਿਖੀ ਹੈ। ਪਾਰਟੀ ਵਲੋਂ ਉਨ੍ਹਾਂ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਉਣ ਨਾਲ ਉਹ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਖ਼ਿਲਾਫ਼ ਚੋਣ ਮੈਦਾਨ ਵਿਚ ਉੱਤਰਨਗੇ। ਗਿੱਲ ਰੌਂਤਾ ਪਾਰਟੀ ਦੇ ਮੌੜ ਤੋਂ ਉਮੀਦਵਾਰ ਲੱਖਾ ਸਿਧਾਣਾ ਨਾਲ ਵੀ ਨੇੜਲਾ ਰਿਸ਼ਤਾ ਰੱਖਦੇ ਹਨ।