ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬੈਂਕ ਵਲੋਂ ਸੀਲ ਕੀਤਾ ਗਰੀਬ ਮਜ਼ਦੂਰ ਦਾ ਮਕਾਨ ਖੁਲ੍ਹਵਾ ਕੇ ਮੁੜ ਕਬਜ਼ਾ ਦਿਵਾਇਆ
ਮਤੜ ਹਿਠਾੜ ਵਿਖੇ ਕਿਸਾਨ-ਮਜ਼ਦੂਰ ਆਗੂਆਂ ਦੀ ਭਰਵੀਂ ਮੀਟਿੰਗ, ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਮੁੜ ਕਾਰਵਾਈ ਕਰਨ ’ਤੇ ਘਿਰਾਓ ਦੀ ਚਿਤਾਵਨੀ
ਗੁਰੂਹਰਸਹਾਏ, 25 ਨਵੰਬਰ (ਕਪਿਲ ਕੰਧਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਗੁਰੂਹਰਸਹਾਏ ਅਤੇ ਜ਼ੋਨ ਸ਼ਹੀਦ ਭਗਤ ਸਿੰਘ ਦੇ ਕਿਸਾਨ-ਮਜ਼ਦੂਰ ਆਗੂਆਂ ਦੀ ਭਰਵੀਂ ਮੀਟਿੰਗ ਪਿੰਡ ਮਤੜ ਹਿਠਾੜ ਵਿਖੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਗਰੀਬ ਮਜ਼ਦੂਰ ਪਰਿਵਾਰ ਨਾਲ ਹੋਈ ਕਾਰਵਾਈ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।
ਗੁਰੂਹਰਸਹਾਏ, 25 ਨਵੰਬਰ (ਕਪਿਲ ਕੰਧਾਰੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਗੁਰੂਹਰਸਹਾਏ ਅਤੇ ਜ਼ੋਨ ਸ਼ਹੀਦ ਭਗਤ ਸਿੰਘ ਦੇ ਕਿਸਾਨ-ਮਜ਼ਦੂਰ ਆਗੂਆਂ ਦੀ ਭਰਵੀਂ ਮੀਟਿੰਗ ਪਿੰਡ ਮਤੜ ਹਿਠਾੜ ਵਿਖੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਗਰੀਬ ਮਜ਼ਦੂਰ ਪਰਿਵਾਰ ਨਾਲ ਹੋਈ ਕਾਰਵਾਈ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਮਾਦੀ ਕੇ ਨੇ ਦੱਸਿਆ ਕਿ ਪਿੰਡ ਮਤੜ ਉਤਾੜ ਦੇ ਗਰੀਬ ਮਜ਼ਦੂਰ ਦੇ ਮਕਾਨ ਨੂੰ ਬੈਂਕ ਅਧਿਕਾਰੀਆਂ ਵਲੋਂ ਕੁਰਕ ਕਰਕੇ ਸੀਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪਰਿਵਾਰ ਨੂੰ ਘਰੋਂ ਬੇਘਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਨੂੰ ਦੇਖਦਿਆਂ ਜਥੇਬੰਦੀ ਵਲੋਂ ਕੁੱਝ ਦਿਨ ਪਹਿਲਾਂ ਵੀਡੀਓ ਰਾਹੀਂ ਬੈਂਕ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਗਰੀਬ ਪਰਿਵਾਰ ਨੂੰ ਮਕਾਨ ਦਾ ਕਬਜ਼ਾ ਵਾਪਸ ਦਿੱਤਾ ਜਾਵੇ, ਤਾਂ ਜੋ ਪਰਿਵਾਰ ਨੂੰ ਠੰਢ ਦੇ ਮੌਸਮ ਵਿਚ ਰਿਹਾਇਸ਼ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੋਸ਼ ਲਾਇਆ ਕਿ ਜਥੇਬੰਦੀ ਦੀ ਚੇਤਾਵਨੀ ਦੇ ਬਾਵਜੂਦ ਬੈਂਕ ਅਧਿਕਾਰੀਆਂ ਅਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਕਾਨ ਦਾ ਜਿੰਦਰਾ ਤੋੜਿਆ ਅਤੇ ਗਰੀਬ ਮਜ਼ਦੂਰ ਪਰਿਵਾਰ ਨੂੰ ਮੁੜ ਮਕਾਨ ਦਾ ਕਬਜ਼ਾ ਦਿਵਾਇਆ। ਕਿਸਾਨ ਆਗੂਆਂ ਨੇ ਬੈਂਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁੜ ਮਕਾਨ ਦੀ ਕੁਰਕੀ ਕਰਨ, ਸੀਲ ਕਰਨ ਜਾਂ ਵਿਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਅਤੇ ਜਥੇਬੰਦੀ ਵਲੋਂ ਸਬੰਧਿਤ ਬੈਂਕ ਟੀਮ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਬੈਂਕ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਥੇਬੰਦੀ ਅਜਿਹੇ ਮਾਮਲਿਆਂ ਵਿਚ ਲੋਕਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਫੁੰਮਣ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਸ਼ਾਮ ਲਾਲ, ਕ੍ਰਿਸ਼ਨ ਲਾਲ, ਜੋਰਾ ਸਿੰਘ, ਕਸ਼ਮੀਰ ਸਿੰਘ, ਜੰਗੀਰ ਸਿੰਘ, ਕਾਲਾ ਸਿੰਘ, ਬਾਜ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਸੁਬਾ ਸਿੰਘ ਅਤੇ ਕਪੂਰ ਸਿੰਘ ਸਮੇਤ ਹੋਰ ਕਿਸਾਨ-ਮਜ਼ਦੂਰ ਆਗੂ ਹਾਜ਼ਰ ਸਨ।